ਗੁਜਰਾਤ 'ਚ ਜਿਉਂ-ਜਿਉਂ ਵਿਧਾਨਸਭਾ ਚੌਣਾਂ ਨਜ਼ਦੀਕ ਆਈਆਂ,ਉਵੇਂ- ਉਵੇਂ ਗੁਜਰਾਤ ਦੇ ਮੁੱਖਮੰਤਰੀ ਮੋਦੀ ਅਤੇ ਕਾਂਗਰਸ ਦੀ ਪ੍ਰਧਾਨ ਸੋਨੀਆਂ ਗਾਂਧੀ ਵਿੱਚ ਸਿਆਸੀ ਸਰਗਮੀਆਂ ਦਾ ਮਾਹੌਲ ਗਰਮ ਹੁੰਦਾ ਗਿਆ,ਗੁਜਰਾਤ 'ਚ ਹੁਣ ਸਵੇਰੇ,ਸ਼ਾਮ ਸਰਕਾਰੀ ਗੱਡੀਆਂ ਦੀ ਟੀਂ ਟੀਂ ਅਤੇ ਲੀਡਰਾਂ ਦੇ ਵੱਡੇ-ਵੱਡੇ ਕਾਫ਼ਲਿਆਂ ਦੀਆਂ ਲਾਲ ਬੱਤੀ ਵਾਲੀਆਂ ਗੱਡੀਆਂ ਦੀਆਂ ਲਾਰਾਂ ਦਾ ਆਉਣਾ ਜਾਣਾ ਲੱਗ ਗਿਆ.
ਗੁਜਰਾਤ 'ਚ ਵਿਧਾਨ ਸਭਾ ਚੌਣਾਂ 'ਚ ਜਿਉਂ ਹੀ ਬਿਗਲ ਵੱਜਿਆ ਤਾਂ ਭਾਜਪਾ ਅਤੇ ਕਾਂਗਰਸ ਨੇ ਅਜਿਹਾ ਇੱਕ ਦੂਜੇ ਉੱਪਰ ਚਿੱਕੜ ਉਛਾਲਣਾ ਸ਼ੁਰੂ ਕਰ ਦਿੱਤਾ ਅਤੇ ਦੋਨਾਂ ਪਾਰਟੀਆਂ ਨੇ ਲੋਕਾਂ ਨੂੰ ਫ਼ਿਰ ਉਸ 2002 ਦੇ ਵਾਪਰੇ ਮੰਦਭਾਗੇ ਹਾਦਸੇ ਗੋਧਰਾ ਕਾਂਡ ਦੀ ਯਾਦ ਦਿਲਵਾਉਣੀ ਸ਼ੁਰੂ ਕਰ ਦਿੱਤੀ.ਆਮ ਜਨਤਾ ਦੀਆਂ ਵੋਟਾਂ ਨੂੰ ਆਪਣੇ ਪੱਖ 'ਚ ਕਰਨ ਲਈ ਦੋਨਾਂ ਪਾਰਟੀਆਂ ਵੱਲੋਂ ਇੱਕ-ਦੂਜੀ ਪਾਰਟੀ ਦੇ ਵਿਰੁੱਧ ਇੰਝ ਬਿਆਨ ਦਿੱਤੇ ਕਿ ਲੋਕ ਗੁਜਰਾਤ ਦੇ ਲੋਕ ਇਹ ਭੰਬਲਭੂਸੇ 'ਚ ਫੱਸ ਗਏ ਹਨ ਕਿ ਉਨ੍ਹਾਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਉਹ ਵੋਟ ਪਾਉਣ ਤਾਂ ਕਿਸ ਪਾਰਟੀ ਨੂੰ ਪਾਉਣ.
ਦੋਨੋਂ ਕਾਂਗਰਸ ਅਤੇ ਭਾਜਪਾ ਪਾਰਟੀਆਂ ਪੂਰੀ ਤਰ੍ਹਾਂ ਖੁੱਲ੍ਹ ਕੇ ਚੋਣ ਮੈਦਾਨ 'ਚ ਲੋਕਾਂ ਸਾਹਮਣੇ ਆਈਆਂ.ਦੋਨਾਂ ਪਾਰਟੀਆਂ ਵੱਲੋਂ ਜਿੱਤ ਪ੍ਰਾਪਤ ਕਰਨ ਲਈ ਪੂਰ੍ਹੀ ਤਰ੍ਹਾਂ ਖੁੱਲ੍ਹ ਕੇ ਇੱਕ ਦੂਜੇ ਉੱਤੇ ਚਿੱਕੜ ਉਛਾਲਿਆ ਗਿਆ. ਕਾਂਗਰਸੀ ਪ੍ਰਧਾਨ ਸੋਨੀਆ ਗਾਂਧੀ ਨੇ ਵੀ ਨਰਿੰਦਰ ਮੋਦੀ ਨੂੰ ਟੱਕਰ ਦੇਣ ਲਈ ਆਪਣਾ ਪਿਆਦਾ ਦਿਨਸ਼ਾ ਪਟੇਲ ਨੂੰ ਚੌਣ ਮੈਦਾਨ 'ਚ ਉਤਾਰਿਆ,ਹੱਲਾਸ਼ੇਰੀ ਦੇਣ ਲਈ ਖੁਦ ਚੋਣ ਮੈਦਾਨ 'ਚ ਪ੍ਰਚਾਰ ਕਰਨ ਲਈ ਉੱਤਰੀ.
ਸੋਨੀਆ ਵੱਲੋਂ ਗੁਜਰਾਤ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ 'ਮੌਤ ਦਾ ਸੌਦਾਗਰ' ਕਿਹਾ ਗਿਆ ਤਾਂ ਦੂਜੇ ਪਾਸੇ ਨਰਿੰਦਰ ਮੋਦੀ ਨੇ ਵੀ ਸੌਹਰਾਬੂਦੀਨ ਦੀ ਮੌਤ 'ਤੇ ਇੱਕ ਸਮਾਗਮ ਵਿੱਚ ਇਹ ਬਿਆਨ ਦੇ ਛੱਡਿਆ ਕਿ ਸੌਹਰਾਬੂਦੀਨ ਵਰਗੇ ਲੋਕਾਂ ਦਾ ਤਾਂ ਮਰਨਾ ਹੀ ਚੰਗਾ ਹੈ.ਜੇ ਕਾਂਗਰਸ ਸਰਕਾਰ ਕੁੱਝ ਕਰ ਸਕਦੀ ਹੈ,ਤਾਂ ਮੈਨੂੰ ਚੜ੍ਹਾ ਦੇਵੇ ਫਾਂਸੀ ਉੱਤੇ. ਇਸ ਬਿਆਨ ਨਾਲ ਇੱਕ ਪਾਸੇ ਨਰਿੰਦਰ ਮੋਦੀ ਖੁਦ ਹੀ ਮੁਸ਼ਕਿਲਾਂ 'ਚ ਫੱਸ ਗਏ ਹਨ ਜਦੋਂਕਿ ਇਸ ਤੋਂ ਪਹਿਲਾਂ ਨਰਿੰਦਰ ਮੋਦੀ ਸਰਕਾਰ ਵੱਲੋਂ ਸੌਹਰਾਬੂਦੀਨ ਪ੍ਰਤਿ ਬਿਆਨ ਦਿੱਤਾ ਗਿਆ ਸੀ ਕਿ ਸੌਹਰਾਬੂਦੀਨ ਦੀ ਮੌਤ ਇੱਕ ਮੁੱਠਭੇੜ 'ਚ ਹੋ ਗਈ ਹੈ.
ਨਰਿੰਦਰ ਮੋਦੀ ਦੁਆਰਾ ਉਧਰ ਬਿਆਨ ਦਿੱਤਾ ਜਾ ਰਿਹਾ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤਾਂ ਸੋਨੀਆ ਗਾਂਧੀ ਦੇ ਭਰੋਸੇ ਹਨ,ਜਦੋਂਕਿ ਮੈਂ ਤਾਂ ਭਗਵਾਨ ਦੇ ਭਰੋਸੇ ਹਾਂ.ਵਿਕਾਸ ਦੇ ਮੁੱਦੇ 'ਤੇ ਸੋਨੀਆ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਗੁਜਰਾਤ ਦਾ ਜੇਕਰ ਕੋਈ ਵਿਕਾਸ ਹੋਇਆ ਹੈ ਤਾਂ ਉਹ ਸਿਰਫ਼ ਕੇਂਦਰ ਸਰਕਾਰ ਵੱਲੋਂ ਲਗਾਈ ਰਾਸ਼ੀ ਨਾਲ ਹੀ ਹੋਇਆ ਹੈ,ਜਦੋਂਕਿ ਦੂਜੇ ਪਾਸੇ ਗੁਜਰਾਤੀ ਰਾਜਨੀਤੀ 'ਚ ਸਰਗਰਮ ਗੁਜਰਾਤ ਦੇ ਮੁੱਖਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਸੋਨੀਆ ਦੇ ਇਸ ਬਿਆਨ ਦੇ ਉਲਟ ਕਿਹਾ ਜਾ ਰਿਹਾ ਹੈ ਕਿ ਸੋਨੀਆ ਕੀ ਗੁਜਰਾਤ ਦਾ ਵਿਕਾਸ ਕਰਵਾ ਸਕਦੀ ਹੈ.
ਇਹ ਸਾਰਾ ਵਿਕਾਸ ਤਾਂ ਗੁਜਰਾਤ ਸਰਕਾਰ ਵੱਲੋਂ ਹੀ ਕੀਤਾ ਗਿਆ ਹੈ. ਮੋਦੀ ਵੱਲੋਂ ਹਿੰਦੂ ਤਬਕੇ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਲਈ ਪੂਰ੍ਹਾ ਜ਼ੋਰ ਲਗਾਇਆ ਜਾ ਰਿਹਾ ਹੈ, ਭਾਜਪਾ ਵੱਲੋਂ ਆਮ ਜਨਤਾ ਨੂੰ ਰਿਝਾਉਣ ਲਈ ਵੀ ਲਾਲ ਕ੍ਰਿਸ਼ਣ ਅਡਵਾਣੀ ਨੂੰ ਪ੍ਰਧਾਨ ਮੰਤਰੀ ਉਮੀਦਵਾਰ ਘੋਸ਼ਿਤ ਕਰ ਦਿੱਤਾ ਗਿਆ ਹੈ ਅਤੇ ਉੱਧਰ ਮੋਦੀ ਨੇ ਵੀ ਇਹ ਬਿਆਨ ਦੇ ਛੱਡਿਆ ਕਿ ਕਾਂਗਰਸ ਨੂੰ ਰਾਮ 'ਤੇ ਭਰੋਸਾ ਹੀ ਨਹੀਂ ਹੈ ਅਤੇ ਉਹ ਕਹਿੰਦੇ ਹਨ ਕਿ ਰਾਮ ਹੀ ਨਹੀਂ ਹੈ ਜਦੋਂਕਿ ਗੁਜਰਾਤ ਦੇ ਲੋਕ ਤਾਂ ਉੱਠਦੇ ਰਾਮ,ਬੈਠਦੇ ਰਾਮ,ਸੌਂਦੇ ਰਾਮ ਕਹਿੰਦੇ ਹਨ.ਮੋਦੀ ਕਹਿੰਦੇ ਹਨ ਕਿ ਜੇ ਕਾਂਗਰਸ ਦੇ ਕਹਿਣ ਅਨੁਸਾਰ ਰਾਮ ਹੈ ਹੀ ਨਹੀਂ ਤਾਂ ਮਹਾਤਮਾ ਗਾਂਧੀ ਜੀ ਦੀ ਸਮਾਧ 'ਤੇ ਵੀ ਹੇ ਰਾਮ ਲਿੱਖਿਆ ਹੈ.ਉਹ ਕਿਸ ਲਈ ਲਿਖਿਆ ਗਿਆ ਹੈ.
ਉਧਰ ਭਾਜਪਾ ਦੀਆਂ ਜੜ੍ਹਾਂ ਗੁਜਰਾਤ 'ਚ ਹੋਏ ਗੋਧਰਾ ਕਾਂਡ ਦੇ ਸਟਿੰਗ ਉਪਰੇਸ਼ਨ ਕਰਕੇ ਵੀ ਹਿੱਲੀਆਂ ਹੋਈਆਂ ਹਨ,ਇਸ ਸਟਿੰਗ ਉਪਰੇਸ਼ਨ 'ਚ ਅਜਿਹਾ ਕਾਫ਼ੀ ਕੁੱਝ ਦਿਖਾਇਆ ਗਿਆ,ਜੋ ਕਿ ਗੋਧਰਾ ਕਾਂਡ ਤੋਂ ਬਾਅਦ ਹੁਣ ਪਹਿਲੀ ਵਾਰ ਲੋਕਾਂ ਦੇ ਸਾਹਮਣੇ ਆਇਆ ਹੈ.
ਇਸ ਤੋਂ ਇਲਾਵਾ ਮੋਦੀ ਦੇ ਪੱਖ 'ਚ 2002 ਵਿੱਚ ਹੋਏ ਗੋਧਰਾ ਕਾਂਡ ਕਾਰਣ ਹਿੰਦੂ ਸੰਗਠਨ ਮੋਦੀ ਨਾਲ ਆ ਜੁੜੇ ਸਨ ਜਦੋਂਕਿ ਇਸ ਵਾਰ ਤਾਂ ਮੋਦੀ ਦੇ ਖਿਲਾਫ਼ ਉਸ ਦੀ ਸਰਕਾਰ 'ਚੋਂ ਹੀ ਕਈ ਐਮਐਲਏ ਬਾਗੀ ਹੋ ਗਏ ਹਨ. ਇਸ ਤਰ੍ਹਾਂ ਭਾਜਪਾ ਦੀ ਹਾਲਤ ਕਮਜ਼ੋਰ ਦਿਖਾਈ ਦੇ ਰਹੀ ਹੈ. ਗੁਜਰਾਤ 'ਚ ਕਈ ਖੇਤਰਾਂ ਕੱਚ,ਸੌਰਾਸ਼ਟਰ ਅਤੇ ਦੱਖਣੀ ਗੁਜਰਾਤ 'ਚ ਪਹਿਲੇ ਚਰਣ ਦੇ ਮਤਦਾਨ ਹੋ ਚੁੱਕੇ ਹਨ ਅਤੇ ਕਈ ਨੇਤਾਵਾਂ ਦੀ ਕਿਸਮਤ ਈਵੀਐਮ ਮਸ਼ੀਨ 'ਚ ਬੰਦ ਹੋ ਚੁੱਕੀ ਹੈ ਅਤੇ ਦੂਸਰੇ ਚਰਣ ਦੇ ਮਤਦਾਨ 16 ਦਸੰਬਰ ਨੂੰ ਹੌਣੇ ਹਨ.
ਖੈਰ,ਬਾਕੀ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਜਨਤਾ ਕਿਸ ਵੱਲ ਜਾਂਦੀ ਹੈ ਅਤੇ ਕਿਸਦੀ ਤੂਤੀ ਬੋਲਦੀ ਹੈ.ਚਾਹੇ ਕੁੱਝ ਵੀ ਹੋਵੇ, ਲੀਡਰਾਂ ਵੱਲੋਂ ਦਿੱਤੇ ਬਿਆਨਾਂ ਨਾਲ ਆਮ ਜਨਤਾ ਵਿਚਾਰੀ ਤਾਂ ਇਹਨਾਂ ਬਿਆਨਾਂ ਕਾਰਣ ਇਹ ਭੰਬਲਭੂਸੇ 'ਚ ਹੀ ਫੱਸ ਕੇ ਰਹਿ ਜਾਂਦੀ ਹੈ ਕਿ ਉਨ੍ਹਾਂ ਦੇ ਹਿੱਤ ਵਿੱਚ ਕਿਹੜੀ ਸਰਕਾਰ ਹੋ ਸਕਦੀ ਹੈ,ਭਾਜਪਾ ਜਾਂ ਕਾਂਗਰਸ ਸਰਕਾਰ.ਗੁਜਰਾਤ ਦੇ ਲੋਕ ਵੀ ਹੁਣ ਦੋਨਾਂ ਪਾਰਟੀਆਂ ਵੱਲੋਂ ਦਿੱਤੇ ਬਿਆਨਾਂ ਕਾਰਣ ਇਹ ਹੀ ਸੋਚ ਰਹੇ ਹਨ ਕਿ ਕਿਹੜੀ ਸਰਕਾਰ ਉਨ੍ਹਾਂ ਲਈ ਤਾਰਣਹਾਰ ਹੈ ਕਿਹੜੀ ਉਨ੍ਹਾਂ ਦੇ ਗੁਜਰਾਤ ਦਾ ਕੁੱਝ ਭਲਾ ਕਰੇਗੀ,ਕਾਂਗਰਸ ਜਾਂ ਭਾਜਪਾ.
ਸ਼੍ਰੇਣੀਆਂ : ਫੀਚਰ
2008
ਲੋਡ ਹੋ ਰਿਹਾ ਹੈ