ਹਰਕ੍ਰਿਸ਼ਨ ਸ਼ਰਮਾਂ
ਭਾਰਤੀ ਕ੍ਰਿਕਟ ਵਿੱਚ ਉਤਰਾਅ-ਚੜਾਅ ਤਾਂ ਹਮੇਸ਼ਾ ਹੀ ਆਉਂਦੇ ਰਹੇ ਹਨ,ਪਰ ਅਲਵਿਦਾ ਕਹਿ ਰਿਹਾ ਸਾਲ 2007 ਤਾਂ ਭਾਰਤੀ ਕ੍ਰਿਕਟ 'ਚ ਕਈ ਅਜਿਹੀਆਂ ਯਾਦਾਂ ਦੇ ਚੱਲਿਆ ਹੈ.ਜਿਸ ਨੂੰ ਕ੍ਰਿਕਟ ਪ੍ਰੇਮੀ ਸ਼ਾਇਦ ਕਦੇ ਵੀ ਨਾ ਭੁਲਾ ਸਕਣ.ਸਾਲ ਦੀ ਕ੍ਰਿਕਟ 'ਚ ਕਾਫ਼ੀ ਕੁੱਝ ਅਜਿਹਾ ਵਾਪਰਿਆ,ਜਿਸ ਨਾਲ ਕਾਫ਼ੀ ਖਿਡਾਰੀਆਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ.ਭਾਰਤੀ ਟੀਮ ਲਈ ਕਈ ਨਵੇਂ ਚਿਹਰੇ ਸਾਹਮਣੇ ਉੱਭਰ ਕੇ ਆਏ,ਜਦੋਂ ਕਿ ਕਈ ਫਿੱਕੇ ਪੈ ਗਏ.ਜੇ ਸਾਲ 'ਚ ਭਾਰਤੀ ਕ੍ਰਿਕਟ ਟੀਮ ਨੇ ਕੁੱਝ ਖੋਇਆ ਤਾਂ ਪ੍ਰਾਪਤ ਵੀ ਬਹੁਤ ਕੁੱਝ ਕੀਤਾ ਹੈ.ਅਲਵਿਦਾ ਕਹਿ ਰਿਹਾ ਸਾਲ ਭਾਰਤੀ ਕ੍ਰਿਕਟ ਟੀਮ 'ਚ ਨੌਜਵਾਨਾਂ ਦੇ ਹੱਥ ਕ੍ਰਿਕਟ ਦੀ ਡੋਰ ਦੇ ਇੱਕ ਨਵੀਂ ਪਹਿਚਾਣ ਦੇ ਕੇ ਅਲਵਿਦਾ ਕਹਿ ਰਿਹਾ ਹੈ.
ਭਾਰਤੀ ਕ੍ਰਿਕਟ 'ਚ ਸਭ ਤੋਂ ਵੱਡਾ ਧੱਕਾ ਖੇਡ ਪ੍ਰੇਮੀਆਂ ਅਤੇ ਕ੍ਰਿਕਟ ਚੌਣ ਕਰਤਾਵਾਂ ਨੂੰ ਉਦੋਂ ਲੱਗਾ,ਜਦੋਂ ਵੈਸਟਇੰਡੀਜ਼ ਵਿੱਚ ਮਾਰਚ 'ਚ ਖੇਡਣ ਗਈ ਵਿਸ਼ਵ ਕੱਪ ਜਿੱਤਣ ਦੀ ਦਾਅਵੇਦਾਰ ਕਹੀ ਜਾਣ ਵਾਲੀ ਭਾਰਤੀ ਟੀਮ ਨੂੰ ਮੂੰਹ ਦੀ ਖਾਣੀ ਪਈ ਅਤੇ ਸੁਪਰਏਟ 'ਚ ਪਹੁੰਚਣ ਤੋਂ ਪਹਿਲਾਂ ਹੀ ਮੂਧੇ ਮੂੰਹ ਦੜੰਮ ਕਰ ਕੇ ਡਿੱਗ ਪਈ.ਸਚਿਨ,ਸਹਿਵਾਗ,ਦ੍ਰਵਿੜ ਵਰਗੇ ਖਿਡਾਰੀਆਂ ਦੀ ਇੱਕ ਨਾ ਚੱਲੀ,ਬੱਸ ਫ਼ਿਰ ਕੀ ਸੀ ਭਾਰਤੀ ਟੀਮ ਨੂੰ ਹਰ ਪਾਸੇ ਝੱਲਣੀ ਪਈ,ਅਲੋਚਨਾ ਹੀ ਅਲੋਚਨਾ.ਅਜਿਹਾ ਲੱਗ ਰਿਹਾ ਸੀ ਕਿ ਭਾਰਤੀ ਕ੍ਰਿਕਟ ਟੀਮ ਹੁਣ ਖਤਮ ਹੋ ਚੁੱਕੀ ਹੈ ਅਤੇ ਆਉਣ ਵਾਲੇ ਭਵਿੱਖ ਵਿੱਚ ਕ੍ਰਿਕਟ ਟੀਮ ਦਾ ਭਵਿੱਖ ਧੁੰਦਲਾ ਹੀ ਧੁੰਦਲਾ ਦਿਖਾਈ ਦੇਣ ਲੱਗਿਆ
ਸੀਨੀਅਰ ਖਿਡਾਰੀਆਂ ਸਚਿਨ ਅਤੇ ਰਾਹੁਲ ਦ੍ਰਾਵਿੜ ਦੇ ਹੁੰਦਿਆ,ਅਜਿਹੀ ਸ਼ਰਮਾਨਾਕ ਹਾਰ ਮਿਲਣ ਤੋਂ ਬਾਅਦ ਚੌਣ ਕਰਤਾਵਾਂ ਨੇ ਅਜਿਹਾ ਫੈਸਲਾ ਕੀਤਾ ਕਿ ਉਨ੍ਹਾਂ ਨੇ ਸਾਰੇ ਹੀ ਖਿਡਾਰੀਆਂ ਨੂੰ ਬਦਲ ਦਿੱਤਾ.ਸੀਨੀਅਰ ਖਿਡਾਰੀ ਵੀ ਟੀਮ ਤੋਂ ਬਾਹਰ ਬੈਠੇ ਆਪਣੀ ਟੀਮ 'ਚ ਵਾਪਸੀ ਦੀ ਉਡੀਕ ਕਰਨ ਲੱਗੇ.
ਟੀਮ 'ਚ ਸੀਨੀਅਰ ਖਿਡਾਰੀਆਂ ਨੂੰ ਬਾਹਰ ਕਰਨ ਦੇ ਬਾਅਦ ਭਾਰਤੀ ਟੀਮ ਦੀ ਅਜਿਹੀ ਕਾਇਆ ਕਲਪ ਹੋਈ ਕਿ ਵੈਸਟ ਇੰਡੀਜ਼ ਦੇ ਵੱਰਲਡ ਕੱਪ ਦੀ ਹਾਰ ਤੋਂ ਸਬਕ ਲੈਂਦਿਆਂ,ਚੌਣ ਕਰਤਾਵਾਂ ਨੇ ਦੱਖਣੀ ਅਫ਼ਰੀਕਾ 'ਚ ਟਵੰਟੀ-20 ਵਿਸ਼ਵ ਕੱਪ ਲਈ ਰਾਹੁਲ ਦ੍ਰਵਿੜ ਦੀ ਜਗ੍ਹਾ ਨੌਜਵਾਨ ਖਿਡਾਰੀ ਮਹਿੰਦਰ ਸਿੰਘ ਧੋਨੀ ਦੇ ਹੱਥ ਭਾਰਤੀ ਟੀਮ ਦੀ ਵਾਗਡੌਰ ਫੜਾ ਦਿੱਤੀ.
ਯੁਵਰਾਜ ਸਿੰਘ ਨੂੰ ਵਾਈਸ ਕਪਤਾਨ ਅਤੇ ਹੋਰ ਨਵੇਂ ਖਿਡਾਰੀਆਂ ਨੂੰ ਮੌਕਾ ਦਿੱਤਾ ਗਿਆ ਤਾਂ ਕ੍ਰਿਕਟ ਪ੍ਰੇਮੀਆਂ ਨੂੰ ਕੋਈ ਜ਼ਿਆਦਾ ਯਕੀਨ ਨਹੀਂ ਸੀ ਪਰ ਭਾਰਤੀ ਟੀਮ 'ਚ ਇਸੇ ਸਮੇਂ ਹੀ ਸਿਲਸਿਲਾ ਸ਼ੁਰੂ ਹੋਇਆ.ਮਹਿੰਦਰ ਸਿੰਘ ਧੋਨੀ ਅਤੇ ਯੁਵਰਾਜ ਸਿੰਘ ਵਰਗੇ ਖਿਡਾਰੀਆਂ ਦੀ ਕਿਸਮਤ ਦੇ ਪਲਟੀ ਖਾਣ ਦਾ ਕਿਉਂਕਿ ਦੱਖਣੀ ਅਫ਼ਰੀਕਾ 'ਚ ਟਵੰਟੀ-ਟਵੰਟੀ ਖੇਡਣ ਜਾ ਰਹੀ ਟੀਮ 'ਚ ਕਿਸੇ ਵੀ ਸੀਨੀਅਰ ਖਿਡਾਰੀਆਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ ਤਾਂ ਇੱਥੇ ਇਹ ਆਲੋਚਨਾ ਹੋਣ ਲੱਗੀ ਕਿ ਸੀਨੀਅਰ ਖਿਡਾਰੀਆਂ ਤੋਂ ਬਿਨ੍ਹਾਂ ਕੀ ਭਾਰਤੀ ਟੀਮ ਇਹ ਵਿਸ਼ਵ ਕੱਪ ਜਿੱਤੇਗੀ ਪਰ ਨੌਜਵਾਨਾਂ ਨੇ ਇੱਕਜੁਟ ਹੋ ਕੇ ਜਦੋਂ ਪ੍ਰਦਰਸ਼ਨ ਕੀਤਾ ਤਾਂ ਵਿਸ਼ਵ ਦੀਆਂ ਮੰਨੀਆਂ ਪ੍ਰਮੰਨੀਆਂ ਟੀਮਾਂ ਵੀ ਗੌਡੇ ਟੇਕਣ 'ਤੇ ਮਜ਼ਬੂਰ ਹੋ ਗਈਆਂ ਅਤੇ ਨਵੇਂ ਨੌਜਵਾਨ ਵਰਗ ਦੀ ਟੀਮ ਨੇ ਇਹ ਪਹਿਲਾ ਟਵੰਟੀ-20 ਵਿਸ਼ਵ ਕੱਪ ਭਾਰਤ ਦੀ ਝੋਲੀ ਪਾਇਆ ਤਾਂ ਚੰਗੇ-ਚੰਗੇ ਕ੍ਰਿਕਟ ਆਲੋਚਕ ਦੰਦਾਂ ਹੇਠ ਜੀਭ ਲੈ ਕੇ ਬੈਠ ਗਏ.ਇੱਥੇ ਹੀ ਬੱਲੇਬਾਜ਼ ਮਹਿੰਦਰ ਸਿੰਘ ਧੋਨੀ,ਯੁਵਰਾਜ ਸਿੰਘ,ਵਰਿੰਦਰ ਸਹਿਵਾਗ, ਹਰਭਜਨ ਸਿੰਘ,ਅਜੀਤ ਅਗਰਕਰ, ਦਿਨੇਸ਼ ਕਾਰਤਿਕ, ਗੌਤਮ ਗੰਭੀਰ,ਜੋਗਿੰਦਰ ਸ਼ਰਮਾਂ,ਯੁਸੂਫ ਪਠਾਨ,ਪੀਯੂਸ਼ ਚਾਵਲਾ, ਇਰਫ਼ਾਨ ਪਠਾਨ, ਰੂਦਰ ਪ੍ਰਤਾਪ ਸਿੰਘ,ਆਰਪੀ ਸਿੰਘ,ਜੋਗਿੰਦਰ ਸ਼ਰਮਾਂ,ਐਸ.ਸ਼੍ਰੀਸੰਥ ਵਰਗੇ ਖਿਡਾਰੀਆਂ ਨੇ ਵੀ ਜਲਵੇ ਦਿਖਾਏ. ਟਵੰਟੀ-20 ਵਿਸ਼ਵ ਕੱਪ 'ਚ ਵਨ-ਡੇ ਚੈਂਪਿਅਨ ਆਸਟ੍ਰੇਲੀਆ ਨੂੰ ਹਰਾ ਭਾਰਤੀ ਨੌਜਵਾਨ ਟੀਮ ਦੇ ਕ੍ਰਿਸ਼ਮੇ ਨੂੰ ਦੇਖ ਕੇ ਫ਼ਿਰ ਅਜਿਹਾ ਲੱਗਣ ਲੱਗਿਆ ਕਿ ਨਹੀਂ ਭਾਰਤੀ ਟੀਮ ਤਾਂ ਹੁਣ ਨਵੇਂ ਸਿਰੇ ਤੋਂ ਉਪਲੱਬਧੀਆਂ ਵੱਲ ਵੱਧਣ ਲੱਗੀ ਹੈ.
ਇੰਗਲੈਂਡ 'ਚ ਇੰਗਲੈਂਡ ਟੀਮ ਤੋਂ 3-4 ਨਾਲ ਸੀਰੀਜ਼ ਹਾਰਨ ਬਾਅਦ ਵੀ ਟੀਮ ਨੂੰ ਕਾਫ਼ੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਜਿੱਥੇ ਯੁਵਰਾਜ ਨੂੰ ਛੇ ਗੇਂਦਾਂ 'ਚ ਲਗਾਤਾਰ ਤਿੰਨ ਛੱਕੇ ਮਾਰ ਕੇ ਉਸ ਨੂੰ ਨਿਰਾਸ਼ ਕਰ ਦਿੱਤਾ.ਯੁਵਰਾਜ ਨੇ ਉਸ ਸਮੇਂ ਤੋਂ ਹੀ ਮਿੱਥਿਆ ਸੀ ਕਿ ਇਸ ਦਾ ਬਦਲਾ ਵੀ ਅਸੀਂ ਗੋਰਿਆਂ ਤੋ ਲੈ ਕੇ ਰਹਾਂਗੇ ਆਖਿਰ ਫ਼ਿਰ ਪੰਜਾਬੀ ਜੱਟ ਨੇ ਵੀ ਦੱਖਣੀ ਅਫ਼ਰੀਕਾ ਦੇ ਟਵੰਟੀ-20 ਵਿੱਚ ਗੋਰਿਆਂ ਨੂੰ ਉਦੋਂ ਨਾਨੀ ਯਾਦ ਕਰਵਾ ਦਿੱਤੀ,ਜਦੋਂ ਉਸ ਨੇ 6 ਗੇਂਦਾਂ 'ਤੇ 6 ਛੱਕੇ ਲਗਾ ਦਿੱਤੇ.ਹੁਣ ਤਾਂ ਸ਼੍ਰੀਲੰਕਾ ਦੇ ਖਿਡਾਰੀ ਨੇ ਵੀ ਪੰਜਾਬੀ ਸ਼ੇਰ ਯੁਵਰਾਜ ਸਿੰਘ ਨੂੰ ਭਾਰਤ ਲਾਰਾ ਕਰਾਰ ਦੇ ਦਿੱਤਾ ਹੈ.
ਟਵੰਟੀ-20 ਹੋਣ ਤੋਂ ਕੁੱਝ ਹੀ ਸਮੇਂ ਬਾਅਦ ਭਾਰਤ ਆਈ ਆਸਟ੍ਰੇਲੀਆ ਟੀਮ ਨਾਲ ਭਾਰਤੀ ਟੀਮ ਦੀ 7 ਮੈਚਾਂ ਦੀ ਵਨਡੇ ਸੀਰੀਜ਼ 'ਚ ਹੋਈ ਹਾਰ ਨਾਲ ਫ਼ਿਰ ਅਜਿਹਾ ਕਿਹਾ ਜਾਣ ਲੱਗਿਆ ਕਿ ਭਾਰਤੀ ਟੀਮ ਬੱਸ-2 ਟਵੰਟੀ-20 ਹੀ ਖੇਡ ਸਕਦੀ ਹੈ.ਵਿਸ਼ਵ ਚੈਂਪਿਅਨ ਆਸਟ੍ਰੇਲੀਆ ਟੀਮ ਨੂੰ ਵਨਡੇ 'ਚ ਨਹੀਂ ਹਰਾ ਸਕਦੀ. ਬੱਸ ਫ਼ਿਰ ਕੀ ਸੀ ਭਾਰਤੀ ਚੌਣ ਕਰਤਾਵਾਂ ਦੀ ਨਜ਼ਰ ਫ਼ਿਰ ਘੁੰਮੀ ਭਾਰਤੀ ਸੀਨੀਅਰ ਖਿਡਾਰੀਆਂ ਦੀ ਤਿੱਕੜੀ ਸਚਿਨ,ਸੌਰਵ ਅਤੇ ਫ਼ਿਰ ਉਨ੍ਹਾਂ ਨੂੰ ਲਿਆਂਦਾ ਟੀਮ 'ਚ.ਹੁਣ ਕੀ ਸੀ ਭਾਰਤੀ ਟੀਮ ਨੂੰ ਜਿਸ ਮਜ਼ਬੂਤ ਟੀਮ ਦੀ ਜਰੂਰਤ ਸੀ,ਉਹ ਮਜ਼ਬੂਤ ਟੀਮ ਇੱਕ ਵਾਰ ਫ਼ਿਰ ਸਾਹਮਣੇ ਦਿਖਾਈ ਦੇਣ ਲੱਗੀ.
ਜਦੋਂ ਭਾਰਤੀ ਟੀਮ ਨੂੰ ਅਜਿਹੇ ਜਾਂਬਾਜ਼ ਖਿਡਾਰੀ ਸਚਿਨ,ਸੌਰਵ,ਮਹਿੰਦਰ ਸਿੰਘ ਧੋਨੀ ਅਤੇ ਯੁਵਰਾਜ ਸਿੰਘ ਵਰਗੇ ਖਿਡਾਰੀ ਫਾਰਮ 'ਚ ਚੱਲ ਪੈਣ ਤਾਂ ਕਿਸੇ ਵੀ ਟੀਮ ਦੇ ਹੌਂਸਲੇ ਪਸਤ ਹੋ ਜਾਂਦੇ ਹਨ.ਅਜਿਹਾ ਹੀ ਹੋਇਆ ਭਾਰਤ ਵਿੱਚ ਆਈ ਪਾਕਿਸਤਾਨੀ ਟੀਮ ਨਾਲ.ਭਾਰਤੀ ਟੀਮ ਨੇ ਪਾਕਿਸਤਾਨ ਟੀਮ ਨੂੰ ਵਨਡੇ ਵਿੱਚ 3-2 ਅਤੇ ਵਨਡੇ ਮੈਚਾਂ ਤੋਂ ਸੰਨਿਆਸ ਲੈ ਚੁੱਕੇ ਅਨਿਲ ਕੁੰਬਲੇ ਨੂੰ ਟੈਸਟ ਮੈਚਾਂ 'ਚ ਕਪਤਾਨ ਬਣਾਇਆ ਤਾਂ ਇੱਥੇ ਕੁੰਬਲੇ ਨੇ ਆਪਣਾ ਜਲਵਾ ਦਿਖਾਉਂਦਿਆ ਆਪਣੀ ਕਪਤਾਨੀ ਹੇਠ ਇਹ ਟੈਸਟ ਮੈਚਾਂ ਦੀ ਸੀਰੀਜ਼ 1-0 ਨਾਲ ਜਿੱਤ ਲਈ.
ਇਸ ਤੋਂ ਇਲਾਵਾ ਹੁਣ ਆਸਟ੍ਰੇਲੀਆ 'ਚ ਟੈਸਟ ਮੈਚਾਂ ਦੀ ਸੀਰੀਜ਼ 'ਚ ਵੀ ਅਨਿਲ ਕੁੰਬਲੇ ਨੂੰ ਭਾਰਤੀ ਟੀਮ ਦਾ ਕਪਤਾਨ ਬਣਾਇਆ ਗਿਆ ਹੈ.ਇਸ ਤਰ੍ਹਾਂ ਅਲਵਿਦਾ ਕਹਿ ਰਿਹਾ ਸਾਲ 2007 ਭਾਰਤੀ ਟੀਮ ਨੂੰ ਬਹੁਤ ਕੁੱਝ ਦੇ ਕੇ ਜਾ ਰਿਹਾ ਹੈ.ਆਸ ਕਰਦੇ ਹਾਂ ਕਿ ਆਉਣ ਵਾਲੇ 2008 'ਚ ਭਾਰਤੀ ਕ੍ਰਿਕਟ ਟੀਮ ਨੂੰ ਵੀ ਹੋਰ ਮਜ਼ਬੂਤੀ ਮਿਲੇਗੀ.
ਅਲਵਿਦਾ ਸਾਲ 2007

ਲੋਡ ਹੋ ਰਿਹਾ ਹੈ