ਹਾਲੇ ਚੜ੍ਹਦਾ ਹੋਇਆ ਸੂਰਜ ਲਾਲੀ ਛੱਡ ਹੀ ਰਿਹਾ ਸੀ ਕਿ ਪਿੰਡ ਵਾਲਾ ਹਾਕਰ ਪਿਸ਼ੌਰਾ ਰਾਮ ਸੱਥ ਵਿੱਚ ਬੈਠੇ ਜੰਟੇ,ਬਿੱਲੂ,ਕਰਮੇ,ਨੰਬਰਦਾਰ ਧਰਮੇ ਅਤੇ ਤਾਏ ਭੋਲੇ ਨੂੰ ਅਖਬਾਰ ਦੇ ਗਿਆ.
ਸੱਥ ਵਿੱਚ ਬੈਠੇ ਜੰਟੇ ਨੇ ਜਿਉਂ ਹੀ ਅਖਬਾਰ ਚੁੱਕ ਕੇ ਸੁਰਖੀ 'ਬੱਸ ਖੱਡੇ 'ਚ ਡਿੱਗੀ,15 ਜ਼ਖਮੀ' ਪੜ੍ਹੀ ਤਾ ਝੱਟ ਉਸ ਦੀ ਗੱਲ ਕੱਟਦੇ ਹੋਏ ਨੰਬਰਦਾਰ ਕਹਿਣ ਲੱਗਾ,'ਉਏ ਜੰਟਿਆ ਦਿਖਾਈਂ,ਇਹ ਤਾਂ ਫੋਟੋ ਵੀ ਫੌਰੀ ਖਿੱਚੀ ਲੱਗਦੀ ਐ,ਨੰਬਰਦਾਰ ਹਾਲੇ ਗੱਲ ਕਰ ਹੀ ਰਿਹਾ ਸੀ ਕਿ ਅਚਾਨਕ ਬਿੱਲੂ ਬੋਲਿਆ,"ਉਏ ਤਾਇਆ ਇਹ ਪੱਤਰਕਾਰ ਤਾਂ ਬੜੇ ਹੀ ਤੇਜ਼ ਹੁੰਦੇ ਨੇ,ਪਤਾ ਨਹੀਂ ਇਹਨਾਂ ਨੂੰ ਕਿੱਥੋਂ ਪਤਾ ਲੱਗਦੈ ਕਿ ਫਲਾਣੇ ਥਾਂ ਕੀ ਵਾਪਰਿਆ ਏ.ਘਟਨਾ ਹਾਲੇ ਵਾਪਰੀ ਨਹੀਂ ਹੁੰਦੀ ਕਿ ਇਹ ਕੈਮਰੇ ਤੇ ਕਾਪੀਆਂ ਚੱਕ ਕੇ ਫੱਟ ਦੇਣੇ ਘਟਨਾ ਵਾਲੀ ਥਾਂ 'ਤੇ ਪਹੁੰਚ ਜਾਂਦੇ ਨੇ.
ਗੱਲ ਕੀ ਕਿਤੇ ਕੋਈ ਹਾਦਸਾ ਹੋਇਆ ਹੋਵੇ,ਕੋਈ ਮਰਿਆ ਹੋਵੇ,ਕਿਤੇ ਕੋਈ ਸਮਾਗਮ ਹੋਵੇ,ਕਿਸੇ ਯੂਨੀਅਨ ਵਾਲਿਆਂ ਨੇ ਕਿਸੇ ਅਫ਼ਸਰ ਜਾਂ ਲੀਡਰ ਦਾ ਘਿਰਾਉ ਕਰਨਾ ਹੋਵੇ,ਬੱਸ ਇਹਨਾਂ ਨੂੰ ਪਤਾ ਲੱਗਿਆ ਨਹੀਂ ਕਿ ਪਹੁੰਚ ਜਾਂਦੇ ਨੇ ਕੈਮਰੇ ਤੇ ਕਾਪੀਆਂ ਚੁੱਕ ਕੇ ਤੇ ਉਦੋਂ ਹੀ ਪਤਾ ਲੱਗਦੈ,ਜਦੋਂ ਕੈਮਰਿਆਂ ਨਾਲ ਕਲਿੱਕ-ਕਲਿੱਕ ਕੀਤੀਆਂ ਫੋਟੋਆਂ ਸਮੇਤ ਉੱਥੇ ਵਾਪਰੀ ਘਟਨਾ ਦੀ 'ਕੱਲੀ-ਕੱਲੀ ਗੱਲ ਦਿਨ ਚੜ੍ਹਦੇ ਨਾਲ ਛਾਪ ਕੇ ਸਾਡੇ ਹੱਥਾਂ 'ਚ ਫੜ੍ਹਾ ਦਿੰਦੇ ਐ.
' ਕਰਮਾਂ ਬੋਲਿਆ,'ਗੱਲ ਕਿਸੇ ਦੀ,ਬਾਤ ਕਿਸੇ ਦੀ,ਮਰਿਆ ਕਿਸੇ ਦਾ ਪਰ ਸਭ ਤੋਂ ਮੂਹਰੇ ਇਹ ਪੱਤਰਕਾਰ ਹੁੰਦੇ ਨੇ ਜਦੋਂ ਕਿਸੇ ਘਟਨਾ ਜਾਂ ਲੜਾਈ ਝਗੜੇ 'ਚ ਮਰਿਆ ਪਿਆ ਹੁੰਦਾ ਜਾਂ ਕਿਸੇ ਦੇ ਸੱਟਾਂ ਵੱਜੀਆਂ ਹੁੰਦੀਆਂ ਹਨ ਤਾਂ ਉਨ੍ਹਾਂ ਦੇ ਘਰ ਵਾਲੇ ਤਾਂ ਹਾਲੇ ਰੋਈ ਜਾਂਦੇ ਹੁੰਦੇ ਨੇ ਤੇ ਇਹ ਅਫ਼ਸੋਸ ਕਰਨ ਦੀ ਬਜਾਏ ਉਲਟਾ ਕੈਮਰੇ ਚੁੱਕ ਕੇ ਫੋਟੋਆਂ ਖਿੱਚਣ ਲੱਗ ਜਾਂਦੇ ਨੇ.
ਅਗਲੇ ਦਾ ਦਰਦ ਵੀ ਨਹੀਂ ਸਮਝਦੇ ਤੇ ਇਨ੍ਹਾਂ ਲਈ ਤਾਂ ਇੱਕ ਵਿਅਕਤੀ ਮਰਿਆ ਜਾਂ ਕਿਸੇ ਧਰਨੇ ਵਾਲਿਆਂ ਨੂੰ ਪੁਲਿਸ ਨੇ ਕੁੱਟਿਆ,ਖਬਰ ਬਣ ਜਾਂਦੀ ਐ.ਬੱਸ ਇਨ੍ਹਾਂ ਨੂੰ ਤਾਂ ਖਬਰ ਮਿਲਣੀ ਚਾਹੀਦੀ ਐ.ਵਿੱਚੋਂ ਹੀ ਬਿੱਲੂ ਬੋਲਿਆ ਕਿ ਜਦੋਂ ਪਿਛਲੇ ਦਿਨੀਂ ਮੈਂ ਆਪਣੀ ਘਰ ਵਾਲੀ ਨੂੰ ਲੈਣ ਬਠਿੰਡੇ ਆਪਣੇ ਸਹੁਰੇ ਪੁੱਜਾ ਤਾਂ ਰਸਤੇ ਵਿੱਚ ਰਾਜਿੰਦਰਾ ਕਾਲਜ ਕੋਲ ਪੁਲਿਸ ਫੋਰਸ ਭਾਰੀ ਗਿਣਤੀ 'ਚ ਤੈਨਾਤ ਤੇ ਮੈਂ ਉੱਥੇ ਹੀ ਉੱਤਰ ਗਿਆ.
ਮੈਂ ਦੇਖਿਆ ਕਿ ਆਪਣੀਆਂ ਨੌਕਰੀਆਂ ਦੀ ਮੰਗ ਨੂੰ ਲੈ ਕੇ ਬੇਰੁਜ਼ਗਾਰ ਮਾਸਟਰ ਉੱਥੇ ਬਣੇ ਸਰਕਾਰੀ ਦਫ਼ਤਰਾਂ ਦੀ ਬਿਲਡਿੰਗ ਅੱਗੇ ਧਰਨਾ ਲਾ ਕੇ ਬਹਿ ਗਏ ਕਿ ਅੱਧੇ ਕੁ ਘੰਟੇ ਬਾਅਦ ਪੁਲਿਸ ਆ ਕੇ ਤਾਇਨਾਤ ਹੋ ਗਈ,ਜਿਨ੍ਹਾਂ ਕੋਲ ਡਾਂਗਾ ਤੇ ਆਪਣੇ ਬਚਾਅ ਲਈ ਛੱਤਰੀਆਂ ਸਨ ਪਰ ਦੁਪਹਿਰ ਤੱਕ ਮਾਸਟਰ ਉੱਥੇ ਹੀ ਬੈਠੇ ਰਹੇ ਤੇ ਪੁਲਿਸ ਵਾਲੇ ਵੀ ਦੇਖਦੇ ਰਹੇ ਅਤੇ ਉੱਥੇ ਸਵੇਰ ਤੋਂ ਹੀ ਕੈਮਰੇ ਤੇ ਕਾਪੀਆਂ ਚੁੱਕੀ ਪੱਤਰਕਾਰ ਖੜ੍ਹੇ ਰਹੇ.
ਦੁਪਹਿਰ ਤੋਂ ਬਾਅਦ ਉੱਥੋਂ ਸਰਕਾਰ ਵਿਰੁੱਧ ਨਾਅਰੇ ਲਾਉਂਦੇ,ਜਦੋਂ ਚੱਲੇ ਤਾਂ ਅਣਗਿਣਤ ਪੁਲਿਸ ਵਾਲੇ ਵੀ ਉਹਨਾਂ ਨਾਲ ਡਾਂਗਾ ਲੈ ਕੇ ਚੱਲ ਲੱਗੇ ਪਰ ਮਾਸਟਰ ਜਾ ਕੇ ਹਸਪਤਾਲ ਮੂਹਰੇ ਦੋਨੋਂ ਸੜਕਾਂ ਰੋਕ ਕੇ ਬੈਠ ਗਏ.ਪੁਲਿਸ ਵਾਲਿਆਂ ਨੇ ਨੌਕਰੀ ਦੇਣ ਦੇ ਦਿਲਾਸੇ ਦਿੱਤੇ ਪਰ ਉਹ ਕਿੱਥੇ ਮੰਨਦੇ ਸਨ.
ਅਖੀਰ ਉਨ੍ਹਾਂ ਦੀ ਮੀਟਿੰਗ ਵੱਡੇ ਅਫ਼ਸਰਾਂ ਨਾਲ ਕਰਵਾਈ ਤਾਂ ਉਨ੍ਹਾਂ ਧਰਨਾ ਚੁੱਕਿਆ ਪਰ ਦੋ ਕੁ ਪੱਤਰਕਾਰ ਕਹਿ ਰਹੇ ਸਨ 'ਸਾਰਾ ਦਿਨ ਖਰਾਬ ਕੀਤਾ ਪਰ ਕੋਈ ਖਬਰ ਢੰਗ ਦੀ ਬਣੀ ਨਹੀਂ.ਇੰਨੇ ਵਿੱਚ ਤਾਇਆ ਬੋਲਿਆ,'ਉਏ ਮੂਰਖੋ ਐਵੇਂ ਨਾ ਬੋਲੀ ਜਾਇਆ ਕਰੋ,ਕੁੱਝ ਦਿਮਾਗ ਤੋਂ ਵੀ ਕੰਮ ਲਿਆ ਕਰੋ.
ਇਹ ਪੱਤਰਕਾਰ ਵਿਚਾਰੇ ਕਮਲੇ ਨੇ ਜਿਹੜੇ ਰਾਤ-ਦਿਨੇ ਕੈਮਰੇ ਤੇ ਕਾਪੀਆਂ ਚੁੱਕ ਕੇ ਭੱਜੇ ਫਿਰਦੇ ਨੇ.ਇਹਨਾਂ ਵਿਚਾਰਿਆਂ ਦੀ ਤਾਂ ਇਹ ਰੋਜ਼ੀ ਰੋਟੀ ਐ,ਜਿਵੇਂ ਆਪਣਾ ਕੰਮ ਖੇਤੀ ਕਰਨਾ ਹੈ ਤੇ ਇਹਨਾਂ ਦਾ ਕੰਮ ਲੋਕਾਂ ਬਾਰੇ ਲਿਖਣਾ ਐ.ਇਹਨਾਂ ਦਾ ਕੰਮ ਤਾਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਛਾਪ ਕੇ ਸਰਕਾਰਾਂ ਦੇ ਅੱਗੇ ਲਿਆਉਣਾ ਐ,ਜੇ ਇਹ ਨਾ ਹੋਣ ਤਾਂ ਕੀ ਪਤਾ ਲੱਗਦਾ ਕਿ ਫਲਾਣੇ ਥਾਂ ਬੱਸ ਡਿੱਗੀ ਐ ਤੇ ਇਹ ਦੇ ਵਿੱਚ ਕੌਣ ਜ਼ਖਮੀ ਹੋਇਆ ਐ.
ਅਖਬਾਰਾਂ ਦੇ ਕਾਰਣ ਪਤਾ ਲੱਗਦੈ ਕਿ ਦੇਸ਼ 'ਚ ਕਿੱਥੋਂ ਕੀ ਹੋ ਰਿਹੈ.ਨਹੀਂ ਤਾਂ ਰੋਜ਼ਾਨਾ ਕਿਸਾਨ ਧਰਨੇ ਦਿੰਦੇ ਨੇ,ਜੇ ਇਹ ਅਖਬਾਰਾਂ ਵਿੱਚ ਨਾ ਆਵੇ ਤਾਂ ਸਰਕਾਰ ਨੂੰ ਕੀ ਪਤਾ ਕਿ ਕੌਣ ਆਪਣੇ ਹੱਕਾਂ ਲਈ ਲੜ ਰਿਹੈ ਤੇ ਕਿਸਾਨਾਂ ਨੂੰ ਕੀ ਚਾਹੀਦਾ ਜਾਂ ਬੇਰੁਜ਼ਗਾਰਾਂ ਵੱਲੋਂ ਕੀਤੇ ਧਰਨਿਆਂ ਦਾ ਉਹਨਾਂ ਨੂੰ ਕੀ ਪਤਾ ਲੱਗਦਾ.
ਇਹ ਅਖਬਾਰ,ਪੱਤਰਕਾਰ,ਫੋਟੋਗ੍ਰਾਫ਼ਰ ਤਾਂ ਸਾਡੇ ਬੋਲੇ ਕੰਨਾਂ ਨੂੰ ਗੱਲ ਸੁਨਾਉਣ ਤੋਂ ਇਲਾਵਾ ਇਨ੍ਹਾਂ ਨੂੰ ਸਮਾਜ ਦਾ ਚੌਥਾ ਥੰਮ ਕਿਹਾ ਜਾਂਦਾ ਹੈ.ਜੇ ਇਹ ਨਾ ਹੋਣ ਤਾਂ ਸਰਕਾਰਾਂ ਤੇ ਪੁਲਿਸ ਵੱਲੋਂ ਅਤਿਆਚਾਰ ਤਾਂ ਹੱਦਾਂ ਹੀ ਟੱਪ ਜਾਵੇ.ਪੱਤਰਕਾਰ,ਫ਼ੋਟੋਗ੍ਰਾਫ਼ਰ ਤੇ ਅਖਬਾਰਾਂ ਨੂੰ ਛਾਪਣ ਵਾਲੇ ਸੰਪਾਦਕ ਤਾਂ ਦੇਸ਼ ਲਈ ਚਾਨਣ ਮੁਨਾਰਾ ਹਨ.
098939-33321
ਸ਼੍ਰੇਣੀਆਂ : ਫੀਚਰ
2008
ਲੋਡ ਹੋ ਰਿਹਾ ਹੈ