Welcome, Guest   [ Register | Sign In | Take a tour | Adult Filter: On ]

ਦਿਲ ਦਹਿਲ ਜਾਂਦਾ ਹੈ ਜਲ੍ਹਿਆਂਵਾਲੇ ਬਾਗ ਦੇ ਸਾਕੇ ਨੂੰ ਯਾਦ ਕਰਕੇ

13 ਅਪ੍ਰੈਲ 1919 ਨੂੰ ਅੰਗਰੇਜ਼ਾਂ ਦੁਆਰਾ ਜਲ੍ਹਿਆਂਵਾਲਾ ਬਾਗ ਵਿਚ ਨਿਹੱਥੇ ਲੋਕਾਂ ਤੇ ਗੋਲੀਆਂ ਚਲਾ,ਮੈਦਾਨ ਨੂੰ ਮਿੰਟਾਂ ਸਕਿੰਟਾਂ 'ਚ ਖੂਨ ਨਾਲ ਰੰਗ ਧਰਤੀ ਨੂੰ ਲਾਲੋ ਲਾਲ ਕਰਨ ਵਾਲਾ ਦ੍ਰਿਸ਼ ਅੱਜ ਵੀ ਦਿਲਾਂ ਨੂੰ ਪਸੀਜ ਦਿੰਦਾ ਹੈ।ਪਲ ਭਰ ਵਿਚ ਨਿਹੱਥੇ ਬਜ਼ੁਰਗ,ਔਰਤਾਂ ਅਤੇ ਬੱਚਿਆਂ ਨੂੰ ਮੌਤ ਦੀ ਨੀਂਦ ਸੁਲਾ ਦੇਣ ਵਾਲੇ ਜਨਰਲ ਡਾਇਰ ਨੇ ਬਸ ਇਸੇ ਕਰਕੇ ਗੋਲੀਆਂ ਚਲਾਈਆਂ ਸਨ ਕਿ ਤਾਂ ਜੋ ਭਾਰਤਵਾਸੀਆਂ ਨੂੰ ਉਨ੍ਹਾਂ ਦੀਆਂ ਰਾਸ਼ਟਰਵਾਦੀ ਭਾਵਨਾਵਾਂ ਲਈ ਅਤੇ ਪੰਜਾਬੀਆਂ ਨੂੰ ਕੌਮ ਪ੍ਰਸਤੀ ਵਿਚ ਵਧੇਰੇ ਸਰਗਰਮ ਹੋਣ ਲਈ ਸਬਕ ਸਿਖਾਇਆ ਜਾ ਸਕੇ ਤੇ ਭਾਰਤ ਵਿਚ ਸਵਰਾਜ ਪ੍ਰਾਪਤੀ ਲਈ ਉਭਰ ਰਹੇ ਜਜ਼ਬੇ ਨੂੰ ਕੁਚਲਿਆ ਜਾਵੇ । ਇਹ ਬਰਤਾਨਵੀ ਸਰਕਾਰ ਨੇ ਅਜਿਹਾ ਜੁਲਮ ਕੀਤਾ ਕਿ ਭਾਰਤ ਦੇ ਲੋਕ ਜਦ ਵੀ ਇਸ ਖੂਨੀ ਸਾਕੇ ਨੂੰ ਯਾਦ ਕਰਦੇ ਹਨ ਤਾਂ ਉਨ੍ਹਾਂ ਦੇ ਦਿਲ ਦਹਿਲ ਜਾਂਦੇ ਹਨ।ਜਲ੍ਹਿਆਂਵਾਲੇ ਬਾਗ ਦਾ ਖੂਨੀ ਸਾਕਾ ਇਕ ਇਤਿਹਾਸ ਬਣ ਗਿਆ। ਹਰ ਸਾਲ ਇੰਨਾ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ।

ਇੰਨ੍ਹਾਂ ਸ਼ਹੀਦਾਂ ਦੀ ਯਾਦ ਵਿਚ ਜਲ੍ਹਿਆਂ ਵਾਲੇ ਬਾਗ ਵਿਚ ਰਾਸ਼ਟਰੀ ਯਾਦਗਾਰ ਬਣਾਈ ਗਈ ਹੈ,ਲਾਲ ਪੱਥਰ ਦੀ 45 ਫੁੱਟ ਉੱਚੀ 'ਆਜ਼ਾਦੀ ਦੀ ਜਯੋਤੀ' ਇਸ ਯਾਦਗਾਰ ਦਾ ਕੇਂਦਰ ਹੈ। 1961 ਵਿਚ 13 ਅਪ੍ਰੈਲ ਵਾਲੇ ਦਿਨ ਹੀ,ਯਾਨੀ ਜਲ੍ਹਿਆਂਵਾਲਾ ਬਾਗ ਦੇ ਸਾਕੇ ਤੋਂ 42 ਸਾਲ ਮਗਰੋਂ ਉਸ ਵੇਲੇ ਦੇ ਰਾਸ਼ਟਰਪਤੀ ਡਾਕਟਰ ਰਾਜਿੰਦਰ ਪ੍ਰਸ਼ਾਦ ਨੇ ਇਹ ਯਾਦਗਾਰ ਦੇਸ਼ ਵਾਸੀਆਂ ਦੇ ਨਾਂ ਸਮੱਰਪਿਤ ਕੀਤੀ ਸੀ।

ਗੁਲਾਮੀ ਦੀਆਂ ਜ਼ੰਜੀਰਾਂ ਤੋਂ ਛੁਟਕਾਰਾ ਪਾਉਣ ਲਈ ਜਦ ਉਸ ਸਮੇਂ ਅੰਗਰੇਜ਼ਾਂ ਵਿਰੁੱਧ ਮੀਟਿੰਗਾਂ ਕੀਤੀਆਂ ਜਾ ਰਹੀਆਂ ਸਨ ਤਾਂ ਅਚਾਨਕ 12 ਅਪ੍ਰੈਲ 1919 ਨੂੰ ਸ਼ਾਮੀ ਹਿੰਦੂ ਸਭਾ ਸਕੂਲ ਵਿਚ ਮੀਟਿੰਗ ਦੌਰਾਨ ਡਾਕਟਰ ਸੱਤਪਾਲ,ਡਾਕਟਰ ਕਿਚਲੂ ਨੂੰ ਹੋਰ ਲੀਡਰਾਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ,ਜਿਸ ਕਾਰਣ ਇਨ੍ਹਾਂ ਲੀਡਰਾਂ ਤੋਂ ਬਾਅਦ ਕੋਈ ਇਨ੍ਹਾਂ ਮੀਟਿੰਗਾਂ ਦੀ ਅਗਵਾਈ ਕਰਨ ਲਈ ਨਾ ਰਿਹਾ ਤਾਂ ਅਜਿਹੀ ਹਾਲਤ ਵਿਚ ਬ੍ਰਿਟਿਸ਼ ਅਧਿਕਾਰੀਆਂ ਨੂੰ ਮੌਕਾ ਮਿਲ ਗਿਆ। ਜਲ੍ਹਿਆਂਵਾਲੇ ਬਾਗ ਵਿਚ 13 ਅਪ੍ਰੈਲ ਨੂੰ ਸਵੇਰੇ ਮੀਟਿੰਗ ਕੀਤੀ ਜਾਣੀ ਸੀ ਪਰ ਜਨਰਲ ਦਾਇਰ ਨੇ ਮੀਟਿੰਗ ਕਰਨ ਤੋਂ ਨਾਂ ਕਰ ਦਿੱਤੀ ਤੇ ਇਸ ਤੋਂ ਬਾਅਦ ਲੋਕਾਂ ਨੇ ਸ਼ਾਮ ਨੂੰ ਇਥੇ ਮੀਟਿੰਗ ਕਰਨ ਦਾ ਫੈਸਲਾ ਲਿਆ। ਵਿਸਾਖੀ ਦਾ ਮੇਲਾ ਹੋਣ ਕਾਰਨ ਵੀ ਜਲ੍ਹਿਆਂ ਵਾਲੇ ਬਾਗ ਵਿਚ ਮੀਟਿੰਗ ਕਰਨ ਵਾਲਿਆਂ ਤੇ ਦੇਖਣ ਵਾਲਿਆਂ ਦੀ ਗਿਣਤੀ ਹਜ਼ਾਰਾਂ ਤੱਕ ਪਹੁੰਚ ਗਈ ਉਧਰ ਡਾਇਰ ਨੂੰ ਵੀ ਪੰਜਾਬੀਆਂ ਨੂੰ ਆਪਣੇ ਰਾਸ਼ਟਰ ਮੰਗ ਨੂੰ ਉਭਾਰਨ ਲਈ ਸਬਕ ਸਿਖਾਉਣ ਦਾ ਮੌਕਾ ਮਿਲ ਗਿਆ ਸੀ ਅਤੇ ਉਹ ਕਿਸੇ ਵੀ ਹਾਲਤ ਵਿਚ ਇਹ ਮੌਕਾ ਹੱਥੋਂ ਨਹੀਂ ਖੁੰਝਣ ਦੇਣਾ ਚਾਹੁੰਦਾ ਸੀ। ਡਾਇਰ ਨੇ ਆਪਣੀ ਵਿਉਂਤ ਬਣਾ ਕੇ ਇਕ ਭੀੜੇ ਰਸਤੇ ਵਿਚ ਦੀ ਦਾਖਲ ਹੋਣ ਤੋਂ ਬਾਅਦ ਆਪਣੇ ਸਿਪਾਹੀ ਤਾਇਨਾਤ ਕਰ ਦਿੱਤੇ ਅਤੇ ਬਿਨ੍ਹਾਂ ਇਨ੍ਹਾਂ ਭਾਰਤੀ ਲੋਕਾਂ ਨੂੰ ਚਿਤਾਵਨੀ ਦਿੱਤਿਆਂ ਗੌਲੀਆਂ ਨਾਲ ਛੱਲੀ ਕਰਨ ਸ਼ੁਰੂ ਕਰ ਦਿੱਤਾ। ਇੰਨੇ ਜਮ੍ਹਾਂ ਹੋਏ ਲੋਕਾਂ ਨੇ ਇਧਰ ਉਧਰ ਭੱਜਣਾ ਸ਼ੁਰੂ ਕਰ ਦਿੱਤਾ ਪਰ ਇੰਨੀ ਭੀੜੀ ਥਾਂ ਵਿਚ ਭੱਜਣ ਲਈ ਨਾਂ ਤਾਂ ਕਿਸੇ ਨੂੰ ਰਸਤਾ ਮਿਲ ਰਿਹਾ ਸੀ ਤੇ ਨਾ ਹੀ ਕਿਸੇ ਨੂੰ ਕੁੱਝ ਸੁੱਜ ਰਿਹਾ ਸੀ ਕਿ ਕੀਤਾ ਜਾਵੇ ਉਧਰ ਵਹਿਸ਼ੀ ਡਾਇਰ ਨੂੰ ਵੀ ਕੋਈ ਤਰਸ ਨਹੀਂ ਆਇਆ ਤੇ ਗੋਲੀਆਂ ਦੀ ਵਰਖਾ ਕਰਦਾ ਰਿਹਾ ਪਰ ਪਲ ਭਰ ਵਿਚ ਹੀ ਇਹ ਜਗ੍ਹਾ ਖੂਨ ਨਾਲ ਰੰਗੀ ਗਈ। ਹਜ਼ਾਰਾਂ ਦੀ ਤਾਦਾਦ ਵਿਚ ਲੋਕ ਮਾਰੇ ਗਏ।

ਜਲ੍ਹਿਆਂਵਾਲਾ ਬਾਗ ਵਿਚ 13 ਅਪ੍ਰੈਲ 1919 ਨੂੰ ਵਾਪਰੀ ਇਸ ਘਟਨਾ ਦੌਰਾਨ ਸ਼ਹੀਦ ਹੋਏ ਸੂਰਬੀਰ ਹਮੇਸ਼ਾ ਭਾਰਤਵਾਸੀਆਂ ਦੇ ਦਿਲਾਂ ਵਿਚ ਵਸਦੇ ਰਹੇ ਹਨ,ਵਸਦੇ ਰਹਿਣਗੇ । ਉਨ੍ਹਾਂ ਸ਼ਹੀਦ ਦੇਸ਼ ਭਗਤਾਂ ਨੇ ਅਨੇਕਾਂ ਦੁੱਖ ਝੱਲ ਕੇ ਸਾਡੇ ਲਈ ਆਜ਼ਾਦੀ ਲਿਆਂਦੀ ਹੈ,ਉਨ੍ਹਾਂ ਸ਼ਹੀਦਾਂ ਨੂੰ ਸਾਰੇ ਦੇਸ਼ਵਾਸੀਆਂ ਵੱਲੋਂ ਲੱਖ ਪ੍ਰਣਾਮ।

Harkrishan sharma
098939-33321
krishashansm@yahoo.co.in
Indore(MP)

ਅਸਵੀਕਰਨ