ਖਾਮੋਸ਼ ਪਈਆਂ ਸੜਕਾਂ ‘ਤੇ ਜ਼ਿੰਦਾ ਲਾਸ਼ਾਂ ਦੀ ਤਰ੍ਹਾਂ ਪੈਦਲ,ਵਹੀਕਲਾਂ ‘ਤੇ ਆਪਣੇ ਖਾਣ ਪੀਣ ਦਾ ਪ੍ਰਬੰਧ ਕਰਨ ਲਈ ਗੁਜ਼ਰਦੇ ਲੋਕ ਹਰ ਕਿਸੇ ਨੂੰ ਸ਼ੱਕੀ ਨਿਗਾਹਾਂ ਨਾਲ ਦੇਖਦੇ ਹੋਏ ਲੰਘ ਰਹੇ ਸਨ,ਚਿਹਰਿਆਂ ‘ਤੇ ਦਹਿਸ਼ਤ ਦੇ ਮਾਹੌਲ ਦੀਆਂ ਲਕੀਰਾਂ ਸਾਫ਼ ਨਜ਼ਰ ਆ ਰਹੀਆਂ ਸਨ,ਸਾਈਕਲ ਵਾਲਾ ਸਾਈਕਲ 'ਤੇ ਅਤੇ ਮੋਟਰਸਾਈਕਲ ਵਾਲਾ ਮੋਟਰਸਾਈਕਲ ‘ਤੇ ਆਪਣਾ ਛੋਟਾ ਮੋਟਾ ਕੰਮ ਨਿਪਟਾ ਘਰ ਜਾਣ ਲਈ ਕਾਹਲਾ ਪਿਆ ਹੋਇਆ ਸੀ,ਗਲੀਆਂ ‘ਚ ਚਾਰ-ਚਾਰ,ਪੰਜ-ਪੰਜ ਲੋਕਾਂ ਦੇ ਬਣੇ ਝੁਰਮਟ ਬੱਸ ਸ਼ਹਿਰ ਦੀਆਂ ਗੱਲਾਂ ਕਰਦੇ ਹੋਏ ਵੀ ਬੱਸ ਟਿਕਟਿਕੀ ਲਗਾ ਚੌਰਾਹਿਆਂ ਵੱਲ ਹੀ ਦੇਖ ਰਹੇ ਸਨ,ਘਰ ‘ਚ ਬੈਠੇ ਲੋਕਾਂ ਨੂੰ ਵੀ ਚੈਨ ਨਹੀਂ ਸੀ,ਉਨ੍ਹਾਂ ਦੀਆਂ ਵੀ ਟੀਵੀ ਤੇ ਜਾਂ ਫ਼ਿਰ ਅਖਬਾਰਾਂ ਦੀਆਂ ਸੁਰਖੀਆਂ ‘ਤੇ ਗੱਡੀਆਂ ਹੋਈਆਂ ਸਨ,ਹਰ ਕੋਈ ਆਪਣੇ ਕੰਮ ‘ਤੇ ਜਾਣ ਲਈ ਉਤਾਵਲਾ ਸੀ ਪਰ ਆਪਣੀ ਜਾਨ ਨੂੰ ਜ਼ੋਖਮ ‘ਚ ਪਾ ਕੰਮ ‘ਤੇ ਜਾਣ ਦਾ ਸੋਚ ਕੇ ਹਰ ਕੋਈ ਪੈਰ ਪਿੱਛੇ ਖਿੱਚਣ ਦੀ ਕੋਸ਼ਿਸ ਕਰ ਰਿਹਾ ਸੀ,ਇਹ ਦ੍ਰਿਸ਼ ਬਣਿਆ ਹੋਇਆ ਸੀ,ਮੱਧਪ੍ਰਦੇਸ਼ ਦੇ ਸ਼ਹਿਰ ਇੰਦੌਰ ‘ਚ ਸਵੇਰ ਦਾ,ਜਿੱਥੇ ਅਮਰਨਾਥ ਸ਼ਰਾਈਨ ਬੋਰਡ ਤੋਂ ਜ਼ਮੀਨ ਵਾਪਸ ਲੈਣ ਲਈ ਵੀਰਵਾਰ ਨੂੰ ਦੇਸ਼ਵਿਆਪੀ ਬੰਦ ਸ਼ੁਰੂ ਹੋਇਆ ਸੀ,
ਇੱਥੇ ਜ਼ਿਕਰਯੋਗ ਹੈ ਕਿ ਉਹ ਬੰਦ ਤਾਂ ਉਸੇ ਦਿਨ ਹੀ ਖਤਮ ਹੋ ਗਿਆ ਪਰ ਕੁੱਝ ਫਿਰਕਾਪ੍ਰਸਤ ਲੋਕ ਜਿਨ੍ਹਾਂ ਨੂੰ ਸ਼ਹਿਰ ‘ਚ ਅਮਨ,ਸ਼ਾਂਤੀ ਰਾਸ ਨਾ ਆਈ ਤੇ ਉਨ੍ਹਾਂ ਇੰਦੌਰ ਸ਼ਹਿਰ ‘ਚ ਅਜਿਹਾ ਹਿੰਸਕ ਮਾਹੌਲ ਪੈਦਾ ਕਰ ਦਿੱਤਾ,ਜੋ ਕਿ ਹਿੰਸਕ ਹੋਰ ਹਿੰਸਕ ਹੁੰਦਾ ਗਿਆ ਅਤੇ ਕੁੱਝ ਹੀ ਪਲਾਂ ਸ਼ਹਿਰ ਨੂੰ ਖੂਨ ਨਾਲ ਰੰਗ ਦਿੱਤਾ ਅਤੇ ਲੋਕ ਦੂਜੇ ਦੇ ਖੂਨ ਦੇ ਪਿਆਸੇ ਦਿਖਾਈ ਦੇਣ ਲੱਗੇ,ਦੇਖਦੇ ਹੀ ਦੇਖਦੇ ਸਾਰੇ ਸ਼ਹਿਰ ਨੂੰ ਇਸ ਹਿੰਸਕ ਹੋਏ ਵਾਤਾਵਰਣ ਨੇ ਆਪਣੀ ਚਪੇਟ 'ਚ ਲੈ ਲਿਆ,ਜੋ ਇਲਾਕਿਆਂ ਵਿੱਚ ਕੋਈ ਘਟਨਾ ਵੀ ਨਹੀਂ ਹੋਈ ਸੀ,ਉੱਥੇ ਵੀ ਲੋਕ ਸਹਿਮ ਗਏ ਸਨ|ਬੰਦ ਦੌਰਾਨ ਇਸ ਹਿੰਸਕ ਹੋਏ ਵਾਤਾਵਰਣ ਨੇ ਬੰਦ ਦੇ ਅਗਲੇ ਦਿਨ ਇੰਦੌਰ ਸ਼ਹਿਰ ਦਾ ਪਿੱਛਾ ਨਹੀਂ ਛੱਡਿਆ ਅਤੇ ਇਨ੍ਹਾਂ ਹਿੰਸਕ ਘਟਨਾਵਾਂ ‘ਚ ਮਾਰੇ ਗਏ ਮੁਸਲਮਾਨਾਂ ਦੇ ਲਿਜਾਏ ਜਾ ਰਹੇ ਜਨਾਜਿਆਂ ਦਰਮਿਆਨ ਹੋਏ ਪਥਰਾਅ ਤੋਂ ਬਾਅਦ ਫ਼ਿਰ ਸ਼ਹਿਰ 'ਚ ਖਲਬਲੀ ਮੱਚ ਗਈ,ਇਸਨੂੰ ਕਾਬੂ 'ਚ ਕਰਨ ਲਈ ਕਈ ਥਾਈਂ ਪੁਲਿਸ ਵਾਲਿਆਂ ਨੇ ਵੀ ਫਾਇਰਿੰਗ ਕੀਤੀ,ਹੰਝੂ ਗੋਲੇ ਛੱਡੇ ਪਰ ਪੁਲਿਸ ਵਾਲਿਆਂ ਨੂੰ ਵੀ ਕਈ ਥਾਈਂ ਭੱਜਣਾ ਪਿਆ ਅਤੇ ਵਿਗੜਦੇ ਹਾਲਾਤਾਂ ਦੇ ਮੱਦੇਨਜ਼ਰ ਸ਼ਹਿਰ ‘ਚ ਕਰਫਿਊ ਲਗਾ ਦਿੱਤਾ ਗਿਆ।
ਬੰਦ ਤੋਂ ਬਾਅਦ ਹੁਣ ਤੱਕ ਉਹ ਸਿਲਸਿਲਾ ਥਮਿਆ ਨਹੀਂ,ਇੰਦੌਰ ਉਸ ਦਿਨ ਤੋਂ ਬੰਦ ਹੈ ਅਤੇ ਅੱਜ ਤੀਜੇ ਦਿਨ ਵੀ ਸ਼ਹਿਰ 'ਚ ਅਨਿਸ਼ਚਿਤ ਕਾਲ ਲਈ ਕਰਫਿਊ ਲੱਗਿਆ ਹੋਇਆ ਹੈ,ਇੰਦੌਰ 'ਚ ਦੰਗਿਆਂ ਦੀ ਫੈਲੀ ਅੱਗ ਇਕੱਲੀ ਇੰਦੌਰ 'ਚ ਹੀ ਨਹੀਂ ਉਜੈਨ 'ਚ ਵੀ ਫੈਲ ਗਈ,ਜਿਥੇ ਵਿਗੜਦੇ ਹਾਲਾਤਾਂ ਦੇ ਮੱਦੇਨਜ਼ਰ ਉਜੈਨ ‘ਚ ਵੀ ਕਰਫ਼ਿਊ ਲੱਗ ਚੁੱਕਿਆ ਹੈ,ਕੱਟੜਪੰਥੀ ਹਿੰਦੂ ਅਤੇ ਮੁਸਲਮਾਨਾਂ ਵਿੱਚ ਹੁਣ ਫੈਲੇ ਇਹ ਨਫਰਤ ਦੇ ਬੀਜਾਂ ਨਾਲ ਕਈ ਲੋਕਾਂ ਦਾ ਖੂਨ ਬਹਿ ਚੁੱਕਿਆ ਹੈ ਅਤੇ ਹੁਣ ਪਤਾ ਨਹੀਂ ਕਦੋਂ ਥੰਮੇਗਾ ਇਹ ਇੱਕ ਦੂਜੇ ਦਾ ਖੂਨ ਵਹਾਉਣ ਦਾ ਸਿਲਸਿਲਾ।ਇਸ ਸ਼ੁਰੂ ਹੋਏ ਸਿਲਸਿਲੇ ਨੇ ਕਰਫਿਊ ਲੱਗਣ ਤੋਂ ਬਾਅਦ ਇੱਕ ਵਾਰ ਤਾਂ ਹੁਣ ਇੰਦੌਰ 'ਚ ਆਮ ਜ਼ਿੰਦਗੀਆਂ ਦੀ ਰਫ਼ਤਾਰ ਰੋਕ ਦਿੱਤੀ ਹੈ।
ਇਨਸਾਨਾਂ ਦੇ ਖੂਨ ਦੇ ਪਿਆਸੇ ਦੰਗਾਕਾਰੀਆਂ ਵੱਲੋਂ ਭੜਕਾਈ ਇਹ ਹਿੰਸਕ ਅੱਗ ਨੇ ਕਾਰੋਬਾਰ ਨੂੰ ਬੁਰ੍ਹੀ ਤਰ੍ਹਾਂ ਪ੍ਰਭਾਵਤ ਕਰ ਦਿੱਤਾ ਹੈ,ਇਸ ਨਾਲ ਸ਼ਹਿਰ ਦਾ ਕਰੋੜਾਂ ਰੁਪੱਇਆਂ ਦਾ ਕਾਰੋਬਾਰ ਠੱਪ ਹੋ ਚੁੱਕਿਆ ਹੈ,ਲੱਖਾਂ ਰੁੱਪਏ ਦੀ ਸੰਪਤੀ ਨੂੰ ਨੁਕਸਾਨ ਪਹੁੰਚਿਆ ਹੈ।ਲੋਕ ਆਪਣੇ ਘਰਾਂ ਵਿੱਚ ਕੈਦ ਹੋਏ ਦਿਨ ਕੱਢ ਰਹੇ ਹਨ,ਸੜਕਾਂ ‘ਤੇ ਸਿਰਫ਼ ਜ਼ਿਆਦਾਤਰ ਪੁਲਿਸ ਜਾਂ ਪੁਲਿਸ ਦੀਆਂ ਗੱਡੀਆਂ ਹੀ ਨਜ਼ਰ ਆ ਰਹੀਆਂ ਹਨ,ਸ਼ਹਿਰ ਦਾ ਕਦੇ ਨਾ ਬੰਦ ਹੋਣ ਵਾਲਾ ਰਾਜਵਾੜਾ,ਸਰਾਫਾ ਦੀਆਂ ਗਲੀਆਂ ਵੀ ਸੁੰਨਸਾਨ ਦਿਖ ਰਹੀਆਂ ਹਨ,ਸੜਕਾਂ ਪੁਲਿਸ ਤੇ ਜਵਾਨ ਹੀ ਨਜ਼ਰ ਆ ਰਹੇ ਹਨ,ਲੋਕਾਂ ਨੂੰ ਕਰਫ਼ਿਊ ਵਿੱਚ ਜਦੋਂ ਥੋੜੀ ਜਿਹੀ ਵੀ ਢੀਲ ਮਿਲਦੀ ਹੈ ਤਾਂ ਖਾਣ-ਪੀਣ ਦੀਆਂ ਦੁਕਾਨਾਂ ‘ਤੇ ਲੋਕਾਂ ਦਾ ਹਜੂਮ ਇਕੱਠਾ ਹੋ ਜਾਂਦਾ ਹੈ।
ਇੱਥੇ ਇਹ ਵੀ ਜਿਕਰ ਕਰਨਾ ਬਣਦਾ ਹੈ ਕਿ ਇਸ ਵਿੱਚ ਕੌਣ ਜਿੰਮੇਵਾਰ ਹੈ,ਜੇ ਦੇਖਿਆ ਜਾਵੇ ਤਾਂ ਸ਼ਹਿਰ 'ਚ ਵਾਪਰੀਆਂ ਹਿੰਸਕ ਘਟਨਾਵਾਂ ਪਿੱਛੇ ਜੇਕਰ ਜਿੰਮੇਵਾਰ ਹੈ ਤਾਂ ਉਹ ਪ੍ਰਸ਼ਾਸਨ,ਨੇਤਾ ਜਾਂ ਫ਼ਿਰ ਇੰਟੈਲੀਜੈਂਸ ਦੇ ਲੋਕ ਹਨ ਕਿਉਂਕਿ ਇਸ ਤੋਂ ਕੋਈ ਨਾਵਾਕਿਫ ਨਹੀਂ ਕਿ ਇੰਦੌਰ ਵਿਚ ਫਿਰਕਾਪ੍ਰਸਤੀ,ਗੁੰਡਾਗਰਦੀ ਦਾ ਜ਼ਹਿਰ ਕਦੋਂ ਦਾ ਹੋਲੀ-ਹੋਲੀ ਪਨਪ ਰਿਹਾ ਹੈ ਕਿਉਂਕਿ ਇੰਦੌਰ ‘ਚ ਇਹ ਦੰਗੇ ਕੋਈ ਪਹਿਲੀ ਵਾਰ ਨਹੀਂ ਹੋਏ ਹਨ,ਇਹ ਸ਼ਹਿਰ ਫਿਰਕਾਰਪ੍ਰਸਤੀ ਕਾਰਣ ਕਈ ਵਾਰ ਪਹਿਲਾਂ ਵੀ ਹਿੰਸਾ ਦੀ ਚਪੇਟ 'ਚ ਆ ਚੁੱਕਿਆ ਹੈ।ਕੀ ਪ੍ਰਸ਼ਾਸਨ ਜਾਂ ਇੰਟੈਲੀਜੈਂਸ ਇਸ ਖਤਰੇ ਨੂੰ ਪਹਿਲਾਂ ਨਹੀਂ ਭਾਂਪ ਸਕੀ?
ਕੁੱਝ ਹੀ ਸਮਾਂ ਪਹਿਲਾਂ ਪੁਲਿਸ ਦੁਆਰਾ ਇੱਥੋਂ ਸਰਗਰਮ ਗਿਰੋਹ ਦੇ ਮੁੱਖੀ ਸਿਮੀ ਨੂੰ ਵੀ ਸ਼ਹਿਰ 'ਚੋਂ ਕਾਬੂ ਕਰ ਲਿਆ ਗਿਆ ਸੀ ਅਤੇ ਉਸ ਦੇ ਇੱਕ ਵੱਡੇ ਅੱਤਵਾਦੀ ਗਿਰੋਹ ਦੇ ਪਤਾ ਹੋਣ ਦਾ ਪਰਦਾਫਾਸ਼ ਹੋਇਆ ਸੀ ਪਰ ਫਿਰ ਵੀ ਇੱਥੇ ਬੰਦ ਦੌਰਾਨ ਸੰਵੇਦਨਸ਼ੀਲ ਇਲਾਕਿਆਂ ਵਿੱਚ ਢੀਲ ਦੇਣੀ ਉਚਿੱਤ ਬਣਦੀ ਸੀ?ਇਹ ਹੀ ਨਹੀਂ,ਇੱਥੇ ਹੀ ਵੀ ਸੋਚਣਾ ਬਣਦਾ ਹੈ ਕਿ ਦੰਗਾਈ ਇਲਾਕਿਆਂ 'ਚ ਕਈ ਟਰੱਕਾਂ ਦੀ ਤਰ੍ਹਾਂ ਛੱਤਾਂ 'ਤੇ ਭਰੇ ਪੱਥਰਾਂ ਦਾ ਪੁਲਿਸ ਨੂੰ ਪਹਿਲਾਂ ਕੁੱਝ ਵੀ ਖਿਆਲ ਨਹੀਂ ਸੀ?ਇਸ ਤੋਂ ਇਲਾਵਾ ਨੇਤਾ ਲੋਕ ਵੀ ਆਪਣੀ ਵੋਟ ਬੈਂਕ ਬਨਾਉਣ ਵਾਸਤੇ ਹਮੇਸ਼ਾ ਅਜਿਹੇ ਅਨਸਰਾਂ ਨੂੰ ਸ਼ੈਅ ਦਿੰਦੇ ਰਹਿੰਦੇ ਹਨ?ਇਹ ਸਾਰੀਆਂ ਗੱਲਾਂ ਪ੍ਰਸ਼ਾਸਨ ਤੇ ਪ੍ਰਸ਼ਨ ਚਿਨ੍ਹ ਲਗਾਉਂਦੀਆਂ ਹਨ ਕਿ ਕੀ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਸੀ ਜਾਂ ਇਹ ਕੁੱਝ ਜਾਣਦਿਆਂ ਵੀ ਇਹਨਾਂ ਨੂੰ ਫੈਲਣ ਦਿੱਤਾ ਗਿਆ।
ਖੈਰ,ਜੋ ਵੀ ਹੋਇਆ,ਇੰਦੌਰ ਲਈ ਬਹੁਤ ਘਾਤਕ ਹੋਇਆ ਹੈ ਅਤੇ ਹੋ ਰਿਹਾ ਹੈ ਪਰ ਇੱਥੇ ਇਹ ਸੋਚਣਾ ਬਣਦਾ ਹੈ ਕਿ ਜੋ ਇੰਦੌਰ ‘ਤੇ ਕਾਲਾ ਦਾਗ ਲੱਗਿਆ ਹੈ,ਇਸ ਨੂੰ ਕਿਵੇਂ ਮਿਟਾਇਆ ਜਾਵੇਗਾ?ਕੀ ਪਹਿਲਾਂ ਦੀ ਤਰ੍ਹਾਂ ਇੱਕ ਵਾਰ ਫ਼ਿਰ ਇਸ ਵਿਕਾਸ ਦੀਆਂ ਰਾਹਾਂ ‘ਤੇ ਚੱਲ ਰਹੇ ਇੰਦੌਰ ਵਿੱਚ ਕਾਰੋਬਾਰੀ ਆਪਣਾ ਨਿਵੇਸ਼ ਕਰਨਾ ਪਸੰਦ ਕਰਨਗੇ?
ਇੰਦੌਰ ‘ਚ ਰੁੱਕੀ ਜ਼ਿੰਦਗੀ ਦੀ ਰਫ਼ਤਾਰ ਤਾਂ ਸ਼ਾਇਦ ਕਰਫ਼ਿਊ ਵਿੱਚ ਦੋ ਘੰਟਿਆਂ ਦੀ ਢੀਲ ਨਾਲ ਫ਼ਿਰ ਆਪਣੀ ਪੱਟੜੀ ‘ਤੇ ਆ ਜਾਵੇ ਪਰ ਇਸ ਸਾਰੀਆਂ ਹਿੰਸਕ ਵਾਰਦਾਤਾਂ ਵਿੱਚ ਮਰੇ ਲੋਕ ਅਤੇ ਜ਼ਖਮੀ ਹੋਏ ਲੋਕਾਂ ਦੇ ਰਿਸ਼ਤੇਦਾਰਾ,ਨਾਤੀਆਂ ਨੂੰ ਹਮੇਸ਼ਾ ਇਹ ਇੰਦੌਰ ‘ਚ ਸੁਲਗੇ ਦਿਨ ਦਰਦ ਦਿੰਦੇ ਰਹਿਣਗੇ।
Harkrishan sharma
Krishansm@yahoo.co.in
098939-33321
Indore (MP)

ਲੋਡ ਹੋ ਰਿਹਾ ਹੈ
ਪ੍ਰਤਿਕਿਰਿਆ