ਸੱਥ 'ਚ ਅਖਬਾਰ ਚੁੱਕੀ ਬੈਠੇ ਸੰਤੇ ਨੇ, ਕੋਲ ਆਉਂਦੇ ਬੰਤੇ ਨੂੰ ਆਖਿਆ, ਆ ਬਾਈ ਬੰਤਿਆ ਬੈਠ, ਸੁਣਾ ਯਾਰ ਕੋਈ ਗੱਲਬਾਤ, ਯਾਰ ਬੱਸ ਕੀ ਸੁਣਾਵਾਂ, ਗੱਲਾਂ ਤਾਂ ਬੱਸ ਹੁਣ ਰਾਜਨੀਤੀ ਦੀਆਂ ਈ ਰਹਿ ਗਈਆਂ ਨੇ, ਦੇਖਿਆ ਫ਼ਿਰ ਜਿਲ੍ਹਾ ਪ੍ਰੀਸ਼ਦ,ਪੰਚਾਇਤੀ ਚੌਣਾਂ ਅਤੇ ਨਗਰ ਨਿਗਮ ਦੀਆਂ ਚੌਣਾਂ 'ਚ ਬਾਜ਼ੀ ਮਾਰ ਈ ਗਿਆ ਬਾਬਾ ਬਾਦਲ,ਬਾਬਾ ਬਾਦਲ ਨੇ ਤਾਂ ਯਾਰ ਮਾਰਨੀ ਈ ਸੀ ਬਾਜ਼ੀ, ਬਾਦਲ ਵੀ ਖੁੰਢ ਐ ਰਾਜਨੀਤੀ ਦਾ, 50 ਸਾਲਾਂ ਤੋਂ ਪੈਰ ਧਰਿਆ ਓਨੇ ਰਾਜਨੀਤੀ 'ਚ, ਪਤਾ ਨੀਂ ਕਿੰਨੀਆਂ ਮੁਸ਼ਕਲਾਂ 'ਚੋਂ ਲੰਘਦਿਆ ਫ਼ਿਰ ਹੁਣ ਚੌਥੀ ਵਾਰ ਬਣ ਗਿਆ ਨਾ ਪੰਜਾਬ ਦਾ ਮੁੱਖ ਮੰਤਰੀ।
ਉੱਥੇ ਬੈਠੇ ਲੰਬੜਦਾਰ ਜ਼ੈਲੇ ਨੇ ਵਿੱਚੋਂ ਈ ਗੱਲ ਕੱਟਦਿਆਂ ਕਿਹਾ ਕੀ ਯਾਰ ਗੱਲਾਂ ਕਰਦਿਉਂ ਤੁਸੀਂ ਰਾਜਨੀਤੀ ਦੀਆਂ, ਵੋਟਾਂ ਆਉਂਦੀਆਂ ਨੇ ਤਾਂ ਇੰਝ ਲੱਗਦਾ ਜਿਵੇਂ ਵੋਟਾਂ ਨੀਂ ਰਾਜ 'ਚ ਕੋਈ ਜੰਗ ਲੱਗਣ ਵਾਲੀ ਐ, ਸਹੀ ਕਿਹਾ ਲੰਬੜਦਾਰਾ ਤੂੰ, ਭੋਲਾ ਵਿੱਚ ਹੀ ਬੋਲ ਪਿਆ ਅਤੇ ਕਹਿਣ ਲੱਗਾ, ਜੰਗ ਤੋਂ ਘੱਟ ਨੀਂ ਹੁੰਦਾ ਇਹ ਚੌਣਾਂ ਦਾ ਵੇਲਾ, ਹੁਣੇ ਹੀ ਦੇਖ ਲਉ ਜਿਲ੍ਹਾ ਪ੍ਰੀਸ਼ਦ, ਪੰਚਾਇਤੀ ਚੌਣਾਂ 'ਚ ਘੱਟ ਗੁਜ਼ਰੀ ਐ, ਪੰਜਾਬ 'ਚ ਆ ਗਏ ਭਾਜਪਾ ਵਾਲੇ, ਬੱਸ ਫ਼ਿਰ ਕੀ ਸੀ ਅਕਾਲੀਆਂ ਅਤੇ ਭਾਜਪਾ 'ਚ ਆਪਸ 'ਚ ਦੇਖੀ ਖੜਕਦੀ, ਕਿਤੇ ਭਾਜਪਾ ਦੀ ਰੈਲੀ ਹੁੰਦੀ, ਅਕਾਲੀਆਂ ਦੇ ਨਾਅਰੇ ਅਤੇ ਉਧਰੋਂ ਗੱਠਜੋੜ ਵਾਲੀ ਭਾਜਪਾ ਵਾਲੇ ਕਹਿੰਦੇ ਅਸੀਂ ਕਿਹੜਾ ਘੱਟ ਐ, ਸਰਕਾਰ ਈ ਤੋੜਦਿਆਂਗੇ ਵਰਗੇ ਬਿਆਨ|
ਇਨ੍ਹਾਂ ਹੀ ਨਹੀਂ ਚੌਣਾਂ 'ਚ ਹੋਈਆਂ ਧਾਂਦਲੀਆਂ ਦੇ ਇੱਕ ਦੂਜੇ 'ਤੇ ਆਰੋਪ,ਆ ਯਾਰ ਬਠਿੰਡੇ ਤਾਂ ਕਹਿੰਦੇ ਭਾਜਪਾ ਵਾਲਿਆਂ ਨੇ ਬਾਦਲ ਦੀਆਂ ਬੱਸਾਂ ਈ ਭੰਨਤੀਆਂ,ਇਹ ਹਾਲ ਹੁੰਦੈ ਵੋਟਾਂ ਵੇਲੇ,ਬੱਸ ਇੰਝ ਲੱਗਿਆ ਰਹਿੰਦਾ ਕਿ ਖੂਨ ਖਰਾਬਾ ਹੁਣ ਹੋਇਆ ਕਿ ਹੁਣ,ਸੰਤੇ ਨੇ ਵੀ ਗੱਲ 'ਚ ਹਿੱਸਾ ਲੈਂਦਿਆ ਕਿਹਾ ਸਹੀ ਐ ਬਾਈ|
ਇਹ ਇਕੱਲੀਆਂ ਜਿਲ੍ਹਾ ਪ੍ਰੀਸ਼ਦ ਅਤੇ ਪੰਚਾਇਤੀ ਚੌਣਾਂ ਦੀ ਈ ਗੱਲ ਨੀਂ, ਇਹਤੋਂ ਬਾਅਦ ਬਠਿੰਡੇ 'ਚ ਹੁਣੇ ਪਿੱਛਲੇ ਦਿਨੀਂ ਹੋਈਆਂ ਨਗਰ ਨਿਗਮ ਦੀਆਂ ਚੌਣਾਂ ਕਿਹੜਾ ਜੰਗ ਤੋਂ ਘੱਟ ਸਨ, ਬੱਸ ਇੰਝ ਲੱਗਦਾ ਸੀ ਕਿ ਲਉ ਵੀ ਕੁੱਟ ਸਿਆਪਾ ਹੋਣ ਵਾਲਾ ਈ ਏ,ਅਖਬਾਰਾਂ 'ਚ ਤਾਂ ਇਹ ਵੀ ਖਬਰਾਂ ਛਪੀਆਂ ਕਿ ਚੌਣਾਂ 'ਚ ਅਕਾਲੀ ਵਾਲਿਆਂ ਨੇ ਤਾਂ ਕਈ ਕਾਂਗਰਸੀਆਂ ਦਾ ਕੁੱਟ ਸਿਆਪਾ ਵੀ ਕਿਤਾ,ਕਈ ਥਾਈਂ ਜਾਅਲੀ ਵੋਟਾਂ ਭੁਗਤੀਆਂ,ਯਾਰ ਕਹਿੰਦੇ ਐ,ਕਈ ਉਮੀਦਵਾਰਾਂ ਨਾਲ ਤਾਂ ਕਾਫ਼ੀ ਧੱਕਾ ਵੀ ਹੋਇਐ,ਯਾਰ ਅਕਾਲੀਆਂ ਨੇ ਹੁਣ ਕਹਿਤਾ ਬਾਈ ਇਹ ਤਾਂ ਚੌਣਾਂ ਨਿਰਪੱਖ ਸਨ,ਇਹ ਤਾਂ ਉਪਰ ਵਾਲਾ ਈ ਜਾਣਦੈ,ਬਾਈ ਕੌਣ ਸੱਚਾ 'ਤੇ ਕੌਣ ਝੂਠਾ,
ਬੰਤੇ ਨੇ ਕਿਹਾ ਛੱਡ ਯਾਰ ਸੰਤਿਆ,ਇਹ ਰਾਜਨੀਤੀ ਐ,ਇਹ ਤਾਂ ਸਾਰੇ ਕਿਤੇ ਈ ਹੁੰਦੈ,ਹੁੰਦੈ ਤਾਂ ਐ ਪਰ ਇੱਥੇ ਸਾਰੇ ਕੰਮਾਂ ਵਿੱਚ ਪਿਸੇ ਤਾਂ ਆਪਾਂ ਲੋਕ ਈ ਰਹੇ ਆਂ।ਨੇਤਾ ਲੋਕ ਤਾਂ ਆ ਜਾਂਦੇ ਨੇ ਪੰਜ ਸਾਲਾਂ ਬਾਅਦ ਸਾਊ ਜਿਹੇ ਬਣ ਕੇ,ਬੱਸ ਜਦੋਂ ਜਿੱਤ ਜਾਂਦੇ ਨੇ ਓਨਾ ਖਿਆਲ ਆਮ ਲੋਕਾ ਦਾ ਨੀਂ ਰੱਖਦੇ,ਜਿਨ੍ਹਾ ਕੁਰਸੀ ਬਚਾਉਣ ਦਾ ਰੱਖਦੇ ਨੇ,ਕੀ ਕਰਦੇ ਨੇ ਇਹ ਪੰਜ ਸਾਲਾਂ 'ਚ,ਪੰਜਾਬ ਦੇ ਵਿਹਲੇ ਫਿਰਦੇ ਮੁੰਡੇ ਯਾਰ ਨਸ਼ਿਆਂ 'ਚ ਗੜੁਚ ਹੁੰਦੇ ਤੁਰੇ ਜਾਂਦੇ ਨੇ,ਕੋਈ ਪੁੱਛਣ ਵਾਲਾ ਹੋਵੇ ਬਾਈ ਇਨ੍ਹਾਂ ਨੂੰ ਕੰਮ ਕੋਈ ਦੁਆਦੇ ਤਾਂ ਕੋਈ ਕਿੱਤੇ ਲੱਗ ਜਾਣ,ਰਾਮਾਂ ਮੰਡੀ ਵਾਲੀ ਰਿਫਾਇਨਰੀ ਨੂੰ ਦੇਖ ਲਉ|
ਭਾਵੇਂ ਕਾਂਗਰਸ ਹੋਵੇ,ਭਾਵੇਂ ਅਕਾਲੀ ਪਤਾ ਨੀਂ ਯਾਰ ਕਿੰਨੇ ਵਾਰ ਉਦਘਾਟਨ ਕਰਤਾ,ਕਹਿੰਦੇ ਵਿਹਲੇ ਫਿਰਦੇ ਮੁੰਡਿਆ ਨੂੰ ਨੋਕਰੀ ਮਿਲ ਜੂ,ਪੰਜਾਬ 'ਚ ਕੋਈ ਵਿਹਲਾ ਨੀਂ ਰਹਿਣਾ,10 ਸਾਲਾਂ ਜਿਨ੍ਹਾਂ ਹੋ ਗਿਆ ਹਾਲੇ ਤੱਕ ਰਿਫਾਇਨਰੀ ਦੇ ਚਾਲੂ ਹੋਣ ਦੀ ਕੋਈ ਉੱਘ ਸੁੱਘ ਨਹੀਂ ਲਈ ਕਿਸੇ ਨੇ,ਬੱਸ ਇਨ੍ਹਾਂ ਸਾਲਾਂ 'ਚ ਤਾਂ ਕਾਂਗਰਸੀ,ਅਕਾਲੀਆਂ 'ਤੇ ਅਤੇ ਅਕਾਲੀ,ਕਾਂਗਰਸੀਆਂ 'ਤੇ ਕੇਸ ਕਰਵਾਉਣ 'ਚ ਰੁੱਝੇ ਨੇ,ਕਹਿੰਦੇ ਨੇ ਬਾਈ ਵਿਕਾਸ ਕਰਾਵਾਂਗੇ ਪੰਜਾਬ ਦਾ,ਪਤਾ ਨੀਂ ਕਦੋਂ ਕਰਵਾਉਣਗੇ ਪੰਜਾਬ ਦਾ ਵਿਕਾਸ,ਓ ਛੱਡ ਸ਼ੇਰਾ ਸੰਤਿਆ ਕੀ ਬੋਲੀ ਜਾਣਾ ਯਾਰ ਵਿੱਚੋਂ ਸੱਥ 'ਚ ਬੈਠੇ ਬਾਬੇ ਬਕਾਲੇ ਨੇ ਕਿਹਾ ਕਿ ਯਾਰ ਰਾਜਨੀਤੀ ਤਾਂ ਹੈ ਹੀ ਅਜਿਹੀ ਚੀਜ਼|
ਪਰ ਇਹ ਵੀ ਘੱਟ ਨੀਂ ਯਾਰ ਪੰਜਾਬ ਦਾ ਹੁਣ ਤਾਂ ਵਿਕਾਸ ਹੋਵੇਗਾ,ਐਵੇਂ ਨੀਂ ਲੋਕਾਂ ਨੇ ਬਾਬਾ ਬਾਦਲ ਨੂੰ ਚੌਥੀ ਵਾਰ ਮੁੱਖਮੰਤਰੀ ਦੀ ਕੁਰਸੀ 'ਤੇ ਬਿਠਾਇਆ,ਹੁਣ ਤਾਂ ਭਲਾ ਹੋਊਗਾ ਈ,ਬਾਕੀ ਆਉਂਦੇ ਸਮੇਂ 'ਚ ਕਹਿੰਦੇ ਬਾਦਲ ਆਪਣੇ ਮੁੰਡੇ ਸੁਖਬੀਰ ਨੂੰ ਸਟੈਂਡ ਕਰਦਾ ਐ,ਉਹ ਵੀ ਤਾਂ ਹੀ ਹੋਊ ਜੇਕਰ ਪੰਜਾਬ ਦਾ ਕੋਈ ਭਲਾ ਹੋਊ। ਸੰਤਾਂ ਬੋਲਿਆ ਚੱਲ ਇਸ ਵਾਰ ਬਾਜ਼ੀ ਤਾਂ ਮਾਰ ਈ ਗਏ ਬਾਦਲ ਸਾਹਿਬ ਚੱਲੋ ਦੇਖਦੇ ਆਂ,ਓ ਕੀ ਸੰਵਾਰੂ ਪੰਜ ਸਾਲਾਂ 'ਚ ਪੰਜਾਬ ਦਾ। ਸੰਤੇ ਨੇ ਸੱਥ 'ਚੋਂ ਉੱਠਦੇ ਕਿਹਾ ਮੈਂ ਵੀ ਕਰਦਾ ਘਰ ਜਾ ਕੇ ਕੋਈ ਕੰਮ ਧੰਦਾ,ਇਹ ਨੇਤਾਵਾਂ ਦਾ ਚੱਲਦਾ ਈ ਰਹਿਣੈ।
Harkrishan sharma
098939-33321
Krishansm@yahoo.co.in
Indore (MP)
ਲੋਡ ਹੋ ਰਿਹਾ ਹੈ...