ਭਲੇ ਹੀ ਅੱਜ ਆਪਾਂ ਅੰਤਰਰਾਸ਼ਟਰੀ ਮੁੱਦਿਆਂ ‘ਤੇ ਗੱਲ ਕਰ ਲਈਏ ਜਾਂ ਫ਼ਿਰ ਗੱਲ ਛੇੜ ਲਈਏ ਰਾਸ਼ਟਰੀ ਮੁੱਦਿਆਂ ‘ਤੇ ਜਿੱਧਰ ਵੀ ਦੇਖਦੇ ਹਾਂ ਸਿਰਫ਼ ,ਸਾਡੇ ਸਾਹਮਣੇ ਸਪੱਸ਼ਟ ਰੂਪ ‘ਚ ਇਹ ਹੀ ਉੱਭਰ ਕੇ ਆਉਂਦਾ ਹੈ ਕਿ ਹਰ ਪਾਸੇ ਮਨੁੱਖਤਾ ਦਾ ਘਾਣ ਹੋ ਰਿਹਾ ਹੈ।ਵਿਸ਼ਵ ਭਰ ਦੀ ਰਾਜਨੀਤੀ ਗੰਧਲੀ ਹੋ ਚੁੱਕੀ ਹੈ,ਗੰਧਲੀ ਰਾਜਨੀਤੀ ਦਾ ਖਮਿਆਜਾ ਜਦੋਂ ਵੀ ਭੁਗਤਣਾ ਪੈਂਦਾ ਹੈ,ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ।
ਜੇਕਰ ਅਸੀਂ ਅੰਤਰਰਾਸ਼ਟਰੀ ਪੱਧਰ ‘ਤੇ ਗੱਲ ਕਰੀਏ ਕਿ ਅਮਰੀਕਾ ਦੇ ਇਰਾਕ,ਈਰਾਨ ਨਾਲ ਕੀ ਸਬੰਧ ਹਨ ਤਾ ਇੱਥੇ ਆਪ ਮੁਹਾਰੇ ਹੀ ਸਾਡੀਆਂ ਅੱਖਾਂ ਸਾਹਮਣੇ ਉਹ ਮੰਦਭਾਗਾ ਸਮਾਂ ਆ ਜਾਂਦਾ ਹੈ,ਜਦੋਂ ਅਮਰੀਕਾ ਦੇ ਰਾਸ਼ਟਰਪਤੀ ਜਾਰਜ਼ ਡਬਲਯੂ ਬੁਸ਼ ਵੱਲੋਂ ਆਪਣੀ ਹਊਮੈ ਨੂੰ ਮੁੱਖ ਰੱਖਕੇ ਈਰਾਕ ‘ਤੇ ਹਮਲਾ ਕਰ ਉੱਥੇ ਖੂਨ ਦੀਆਂ ਨਦੀਆਂ ਵਹਾ ਦਿੱਤੀਆਂ,ਲੱਖਾਂ ਬੇਕਸੂਰ ਔਰਤਾਂ,ਬੱਚੇ,ਬਜ਼ੁਰਗ ਇਹ ਲੜਾਈ ‘ਚ ਮਾਰੇ ਗਏ,ਅਨੇਕਾਂ ਫੌਜੀਆਂ ਨੂੰ ਅਮਰੀਕੀ ਸੈਨਾ ਨੇ ਬੰਦੀ ਬਣਾ ਤਸੀਹੇ ਦੇ ਦੇ ਮਾਰ ਸੁੱਟਿਆ,ਜਿਸ ਨੂੰ ਦੇਖ ਕੋਈ ਵੀ ਪੱਥਰ ਦਿਲ ਪਿਘਲ ਜਾਵੇ ਪਰ ਇਹ ਬੁਸ਼ ਹੀ ਸੀ,ਜੋ ਦੁਨੀਆਂ ਭਰ ‘ਚ ਅਮਰੀਕਾ ਦੇ ਇਸ ਘਿਨਾਉਣੇ ਕੰਮ ਦੀ ਅਲੋਚਨਾ ਹੁੰਦੇ ਹੋਏ ਵੀ ਟੱਸ ਤੋਂ ਮੱਸ ਨਹੀਂ ਹੋਇਆ ਅਤੇ ਉਸ ਨੇ ਆਪਣੀ ਮਨਮਰਜ਼ੀ ਨੂੰ ਮੁੱਖ ਰੱਖਿਆ,ਅਮਰੀਕਾ ਦੀ ਹੁੰਦੀ ਅਲੋਚਣਾ ਦੇ ਬਾਵਜੂਦ ਵੀ ਇਰਾਕ ਦੇ ਰਾਸ਼ਟਰਪਤੀ ਨੂੰ ਸਦਾਮ ਹੁਸੈਨ ਨੂੰ ਫਾਂਸੀ ਦੇ ਤਖਤੇ ‘ਤੇ ਚੜ੍ਹਾ ਦਿੱਤਾ।
ਉਸਦੀ ਮਨੁੱਖਤਾ ਨਾਲ ਖੇਡੀ ਇਹ ਗੰਦੀ ਰਾਜਨੀਤੀ ਦੀ ਖੇਡ ਦੀ ਦੁਨੀਆਂ ਭਰ ‘ਚ ਅਲੋਚਨਾ ਹੋਈ ਪਰ ਉਹ ਆਪਣੀ ਰਾਜਨੀਤੀ ਦੀ ਖੇਡ ਉਸੇ ਤਰ੍ਹਾਂ ਖੇਡਦਾ ਰਿਹਾ ਅਤੇ ਖੇਡ ਰਿਹਾ ਹੈ।ਹੁਣ ਉਸਦੀ ਅੱਖ ਈਰਾਨ ‘ਤੇ ਟਿੱਕੀ ਹੋਈ ਹੈ।ਅਸਲ ‘ਚ ਉਹ ਆਪਣੇ ਆਪ ਨੂੰ ਵਿਸ਼ਵ ਦਾ ਮਹਾਂਪਿਤਾਵਾਂ ਕਹਾਉਣਾ ਚਾਹੁੰਦਾ ਹੈ।
ਅਸੀਂ ਇੱਥੇ ਇਕੱਲੇ ਅਮਰੀਕਾ ਦੀ ਗੱਲ ਹੀ ਨਹੀਂ ਕਰ ਰਹੇ,ਸਗੋਂ ਵਿਸ਼ਵ ਭਰ ‘ਚ ਹੀ ਰਾਜਨੀਤਿਕਾਂ ਵੱਲੋਂ ਕੋਈ ਵਧੀਆ ਰਾਜਨੀਤੀ ਨਹੀਂ ਕੀਤੀ ਜਾ ਰਹੀ,ਜੇਕਰ ਅਸੀਂ ਇੱਥੇ ਭਾਰਤ,ਪਾਕਿਸਤਾਨ ਦੀ ਚਰਚਾ ਕਰੀਏ ਤਾਂ ਵੀ ਇੱਥੇ ਸਾਡੇ ਦਿਲ ਨੂੰ ਇਹ ਜਾਣ ਕੇ ਦੁੱਖ ਹੀ ਪਹੁੰਚਦਾ ਹੈ,ਪਾਕਿਸਤਾਨ ਆਪਣੇ ਹੀ ਘਰ ‘ਚ ਜਾਂ ਘਰ ਤੋਂ ਬਾਹਰ ਜੰਗ ਦਾ ਮੈਦਾਨ ਬਣਦਾ ਰਿਹਾ ਹੈ,ਜਿਵੇਂ ਪਾਕਿਸਤਾਨ ਹਮੇਸ਼ਾ ਕਦੇ ਆਪਣੇ ਘਰ ਵਿੱਚ ਹੀ ਲਾਲ ਮਸਜਿਦ ਨੂੰ ਲੈ ਕੇ ਜੰਗ ਦਾ ਮੈਦਾਨ ਬਣਿਆ ਜਾਂ ਇਸ ਗੰਦੀ ਰਾਜਨੀਤੀ ਦੀ ਚਪੇਟ ‘ਚ ਪਾਕਿਸਤਾਨ ਦੀ ਹੋਣਹਾਰ ਸਾਬਕਾ ਪ੍ਰਧਾਨ ਬੇਨਜ਼ੀਰ ਭੁੱਟੋ ਆਈ,ਜਿਸ ਨੂੰ ਸ਼ਰੇਆਮ ਗੋਲੀਆਂ ਮਾਰ ਛੱਲੀ ਕਰ ਦਿੱਤਾ ਗਿਆ।
ਪਾਕਿਸਤਾਨ ‘ਚ ਚੱਲ ਰਹੀਆਂ ਗਤੀਵਿਧੀਆਂ ਨਾਲ ਭਾਰਤ ਹੀ ਨਹੀਂ ਕਈ ਹੋਰ ਦੇਸ਼ਾਂ ‘ਚ ਵੀ ਆਏ ਦਿਨ ਆਮ ਲੋਕਾਂ ਦੇ ਖੂਨ ਨਾਲ ਖੂਨੀ ਹੋਲੀ ਖੇਡੀ ਜਾਂਦੀ ਰਹਿੰਦੀ ਹੈ,ਜੇਕਰ ਇੱਥੇ ਅਫ਼ਗਾਨੀਸਤਾਨ ਦੀ ਗੱਲ ਕਰ ਲਈ ਜਾਵੇ ਤਾਂ ਉੱਥੇ ਹਰ ਰੋਜ਼ ਤਾਲਿਬਾਨਾਂ ਵੱਲੋਂ ਆਪਣੀ ਮਨਮਰਜ਼ੀ ਨਾਲ,ਜਿਸ ਨੂੰ ਚਾਹੁਣ ਗੋਲੀ ਨਾਲ ਛੱਲੀ ਕਰ ਦਿੱਤਾ ਜਾਂਦਾ ਹੈ।ਜਿਨ੍ਹਾਂ ਨੂੰ ਚਾਹੁਣ ਘਰੋਂ ਕੱਢ-ਕੱਢ ਮਾਰ ਦਿੱਤਾ ਜਾਂਦਾ ਹੈ ਪਰ ਇਹ ਸਾਰਾ ਕੁੱਝ ਦੇਖ ਰਹੇ ਲੋਕ ਲਾਚਾਰ,ਬੇਬੱਸ ਖੜ੍ਹੇ ਦਿਖਾਈ ਦਿੰਦੇ ਹਨ।
ਇੱਥੇ ਹੀ ਬੱਸ ਨਹੀਂ ਹੁੰਦੀ ਕਤਲੇਆਮ ਦੀ ਕਹਾਣੀ,ਚੀਨ ‘ਤੇ ਝਾਤੀ ਮਾਰੀ ਜਾਵੇ ਤਾਂ ਚੀਨ ਨੇ ਤਿੱਬਤ ਨੂੰ ਕਬਜ਼ੇ ‘ਚ ਕਰਨ ਲਈ ਅਨੇਕਾਂ ਲੋਕਾਂ ਨੂੰ ਮੁਸ਼ਕਿਲਾਂ ‘ਚ ਪਾ ਰੱਖਿਆ ਹੈ,ਦਲਾਈਲਾਮਾ ਨੂੰ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਹਨ।ਨੇਪਾਲ ਵੀ ਇਸ ਕਹਾਣੀ ਅਲੱਗ ਨਹੀਂ,ਜਿੱਥੇ ਸਾਲਾਂ ਤੋਂ ਰਾਜ ਕਰਦੇ ਆ ਰਹੇ ਰਾਜਾ ਗਿਆਨੇਂਦਰ ਨੂੰ ਮਾਓਵਾਦੀਆਂ ਅੱਗੇ ਝੁਕਣਾ ਹੀ ਪਿਆ,ਹਜ਼ਾਰਾਂ ਲੋਕਾਂ ਉੱਥੇ ਵੀ ਖੂਨ ਵਹਾਇਆ ਗਿਆ।ਇਸ ਤੋਂ ਇਲਾਵਾ ਜੇਕਰ ਸ਼੍ਰੀਲੰਕਾ ਦੀ ਗੱਲ ਕਰੀਏ ਤਾਂ ਉੱਥੇ ਲਿੱਟਿਆਂ ਦੇ ਚੱਲ ਰਹੇ ਸੰਘਰਸ਼ ਅਤੇ ਹਜ਼ਾਰਾਂ ਲੋਕਾਂ ਦਾ ਕਤਲੇਆਮ ਕਰ ਦਿੱਤਾ ਜਾਂਦਾ ਹੈ।
ਅੰਤਰਰਾਸ਼ਟਰੀ ਪੱਧਰ ‘ਤੇ ਇਨ੍ਹਾਂ ਦੇਸ਼ਾਂ ‘ਤੇ ਝਾਤੀ ਮਾਰਨ ਤੋਂ ਬਾਅਦ ਜੇਕਰ ਆਪਣੇ ਦੇਸ਼ ਭਾਰਤ ‘ਚ ਝਾਤੀ ਮਾਰੀ ਜਾਵੇ ਤਾਂ ਇਹ ਧਰਤੀ ‘ਤੇ ਹਰ ਰੋਜ਼ ਕੋਈ ਨਾ ਕੋਈ ਰਾਜ ‘ਚ ਕਤਲੇਆਮ ਹੋ ਰਿਹਾ ਹੁੰਦਾ ਹੈ।ਭਾਰਤ ਬਾਰੇ ਗੱਲ ਕਰਦਿਆਂ ਮਹਾਰਾਸ਼ਟਰ ‘ਚ ਰਾਜ ਠਾਕਰੇ ਵੱਲੋਂ ਜਿਹੋ ਜਿਹੀ ਰਾਜਨੀਤੀ ਉੱਥੇ ਕੀਤੀ ਗਈ,ਹਿੰਦੀ ਭਾਸ਼ੀਆਂ ਨੂੰ ਉੱਥੋਂ ਕੱਢਣ ਬਾਰੇ ਵਾਪਰਿਆ ਅਤੇ ਮਹਾਰਾਸ਼ਟਰ ਅੱਗ ਦੀਆਂ ਲਪਟਾਂ ‘ਚ ਸੁਲਗ ਉੱਠਿਆ,ਇਹ ਦੇਸ਼ ਲਈ ਕੋਈ ਘੱਟ ਘਾਤਕ ਨਹੀਂ ਸੀ।
ਛੱਤੀਸਗੜ੍ਹ,ਅਸਾਮ,ਝਾਰਖੰਡ ਤੋਂ ਅਲੱਗ ਅਨੇਕਾਂ ਥਾਵਾਂ ‘ਤੇ ਨਕਸਲੀਆਂ ਵੱਲੋਂ ਨਿੱਤ ਦਿਹਾੜੇ ਆਮ ਲੋਕਾਂ ਨੂੰ ਮਾਰ ਮੁਕਾ ਦਿੱਤਾ ਜਾਂਦਾ ਐ,ਸ਼ਰਾਈਨ ਬੋਰਡ ਮੁੱਦੇ ਨੂੰ ਲੈ ਲਉ ਤਾਂ ਇਹ ਹਾਲੇ ਤੱਕ ਨਹੀਂ ਸਲਝਿਆ,ਜਿਸ ਕਾਰਣ ਜੰਮੂ ‘ਚ ਅਨੇਕਾਂ ਦਿਨ ਕਰਫ਼ਿਊ ਲੱਗਿਆ ਰਹਿੰਦਾ ਹੈ,ਇੱਥੇ ਹਿੰਸਾ ਭੜਕ ਉੱਠੀ,ਆਮ ਲੋਕਾਂ ਲਈ ਜੀਣਾ ਦੁੱਭਰ ਹੋ ਗਿਆ,ਇਸੇ ਦੌਰਾਨ ਜਦ ਬੰਦ ਹੋਇਆ ਤਾਂ ਮੱਧ ਪ੍ਰਦੇਸ਼ ਦੇ ਜਿਲ੍ਹੇ ਇੰਦੌਰ ‘ਚ ਕਈ ਵਿਅਕਤੀ ਮਾਰੇ ਗਏ, ਕਈ ਜ਼ਖਮੀ ਹੋ ਗਏ,ਇਸ ਨੇ ਅਜਿਹਾ ਰੂਪ ਲਿਆ ਕਿ ਹਿੰਦੂ-ਮੁਸਲਮਾਨ,ਜੋ ਭਾਈ-ਭਾਈ ਕਹਾਉਂਦੇ ਸਨ,ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋ ਗਏ।
ਫਿਰਕਾਪ੍ਰਸਤੀ ਦਾ ਮਾਹੌਲ ਪਸਰ ਗਿਆ ਪਰ ਇੱਥੇ ਵੀ ਕੁੱਝ ਕਾਂਗਰਸੀ ਰਾਜਨੀਤਿਕਾਂ ਵੱਲੋਂ ਭਾਜਪਾ ਅਤੇ ਭਾਜਪਾ ਵੱਲੋਂ ਕਾਂਗਰਸੀਆਂ ‘ਤੇ ਦੋਸ਼ ਲਗਾਉਣੇ ਸ਼ੁਰੂ ਕਰਕੇ ਹੰਗਾਮਾ ਕੀਤਾ ਗਿਆ।ਮੁੰਬਈ ‘ਚ ਇੱਕ ਡੇਰਾ ਅਤੇ ਸਿੱਖ ਝੱੜਪ ‘ਚ ਇੱਕ ਵਿਅਕਤੀ ਮਾਰਿਆ ਗਿਆ ਅਤੇ ਇਸ ਤੋਂ ਡੱਬਵਾਲੀ ਦੇ ਸ਼ਹਿਰ ‘ਚ ਡੇਰਾ ਅਤੇ ਸਿੱਖਾਂ ਵਿਚਕਾਰ ਝੱੜਪ ‘ਚ ਇੱਕ ਵਿਅਕਤੀ ਹੋਰ ਮਾਰਿਆ ਗਿਆ,ਜਿਸ ਵਿੱਚ ਪਹਿਲਾਂ ਮੁੰਬਈ ਵਿੱਚ ਹਿੰਸਾ ਕਈ ਦਿਨ ਭੜਕੀ ਰਹੀ,ਇਸ ਦੇ ਬਾਅਦ ਡੱਬਵਾਲੀ ਵਿੱਚ ਹਿੰਸਾ ਭੜਕੀ,ਦੁਕਾਨਾਂ ਅੱਗਾਂ ਦੀ ਭੇਟ ਚੜ੍ਹਾ ਦਿੱਤਾ ਗਿਆ,ਕਰਫਿਊ ਲੱਗ ਗਿਆ।
ਹਰ ਕੋਈ ਆਪਣੇ ਘਰਾਂ ‘ਚ ਸਹਿਮਿਆ ਬੈਠਾ ਰਿਹਾ,ਇਹ ਹਰਿਆਣਾ ਹੀ ਇਸ ਨਾਲ ਪ੍ਰਭਾਵਤ ਨਹੀਂ ਹੋਇਆ,ਪੰਜਾਬ ਦੀ ਹਰਿਆਣਾ ਨਾਲ ਸੀਮਾ ਲੱਗਣ ਨਾਲ ਇੱਥੇ ਵੀ ਹਲਚਲ ਮੱਚ ਗਈ,ਹਰਿਆਣਾ ‘ਤੇ ਪੰਜਾਬ ‘ਚ ਜ਼ਿੰਦਗੀ ਦੀ ਰਫ਼ਤਾਰ ਹੋਲੀ ਹੋ ਗਈ ਇਧਰ ਭਾਰਤ ‘ਚ ਹਰ ਜਗ੍ਹਾ ਖੂਨ ਨਾਲ ਰੰਗੀ ਜਾ ਰਹੀ ਹੈ,ਜਿੱਥੇ ਦੂਜੇ ਪਾਸੇ ਪ੍ਰਮਾਣੂ ਕਰਾਰ ਨੂੰ ਲੈ ਕੇ ਖੱਬੇ ਪੱਖੀਆਂ ਵੱਲੋਂ ਸਰਕਾਰ ਤੋੜਨ ਦੀਆਂ ਤਿਆਰੀਆਂ ਕਰ ਲਈਆਂ ਗਈਆਂ ਸਨ,ਪਰ ਭਰੋਸੇ ਦਾ ਵੋਟ ਲੈ ਫ਼ਿਰ ਕਾਂਗਰਸ ਸਰਕਾਰ ਸੱਤਾ ‘ਚ ਆ ਗਈ।ਸੱਤਾ ‘ਚ ਆਈ ਕਾਂਗਰਸ ਸਰਕਾਰ ਨੇ ਆਪਣੇ ਕੰਮ ਸ਼ੁਰੂ ਕਰ ਦਿੱਤੇ ਹਨ।
ਉੱਥੇ ਹੀ ਦੂਜੇ ਪਾਸੇ ਭਾਰਤ ਵਿੱਚ ਤਿੰਨ ਦਿਨਾਂ ਵਿੱਚ ਲੜੀਵਾਰ ਬੰਬ ਵਿਸਫ਼ੋਟਾਂ ਨੇ ਇਸ ਨੂੰ ਹਿਲਾ ਕੇ ਰੱਖ ਦਿੱਤਾ ਹੈ,ਕਰਨਾਟਕ ਸ਼ਹਿਰ ਬੰਗਲੁਰੂ ‘ਚ ਲੜੀਵਾਰ ਨੌ ਬੰਬ ਧਮਾਕੇ ਹੋਏ,ਜਿਸ ਨਾਲ ਹਰ ਨਾਗਰਿਕ ਦਾ ਦਿਲ ਵਲੂੰਧਰਿਆ ਗਿਆ,ਹਾਲੇ ਇਨ੍ਹਾਂ ਦਾ ਖੋਫ਼ ਆਮ ਲੋਕਾਂ ਦੇ ਦਿਲਾਂ ਤੋਂ ਨਿਕਲਿਆ ਨਹੀਂ ਸੀ ਕਿ ਅਗਲੇ ਦਿਨ ਸ਼ਾਮੀ ਅੱਤਵਾਦੀਆਂ ਵੱਲੋਂ ਇੱਕ ਨਿੱਜੀ ਟੀਵੀ ਚੈਨਲ ਨੂੰ ਈ-ਮੇਲ ਕੀਤੀ ਜਾਂਦੀ ਹੈ ਕਿ ਅਸੀਂ ਗੁਜਰਾਤ ‘ਚ ਬੰਬ ਵਿਸਫ਼ੋਟ ਕਰਨ ਵਾਲੇ ਹਾਂ,’ਅਗਰ ਰੋਕ ਸਕੋ ਤੋ ਰੋਕ ਲੋ,’ਉਸਦੇ ਚਾਰ ਮਿੰਟ ਬਾਅਦ ਗੁਜਰਾਤ ਦੇ ਅਹਿਮਦਾਬਾਦ ਸ਼ਹਿਰ ‘ਚ ਇੱਕ ਤੋਂ ਇੱਕ ਕੁੱਲ 16 ਵਿਸਫ਼ੋਟ ਹੋ ਜਾਂਦੇ ਹਨ,ਜਿਸ ਨਾਲ ਦੇਸ਼ ਦਾ ਹਰ ਨਾਗਰਿਕ ਕੰਬ ਉਠਿਆ,ਇੱਥੇ ਹੀ ਬੱਸ ਨਹੀਂ ਹੁੰਦੀ ਇਨ੍ਹਾਂ ਅੱਤਵਾਦੀਆਂ ਦੁਆਰਾ ਘਿਨਾਉਣੇ ਕੰਮ ਦੀ ਇਸ ਤੋਂ ਬਾਅਦ ਅਗਲੇ ਹੀ ਦਿਨ ਫ਼ਿਰ ਝਾਰਖੰਡ ‘ਚ ਇੱਕ ਵਿਸਫ਼ੋਟ ਹੋਇਆ,ਇੱਕ ਨੂੰ ਨਾਕਾਮ ਕਰ ਦਿੱਤਾ ਗਿਆ।
ਇਹ ਹਰ ਪਾਸੇ ਮਨੁੱਖਤਾ ਦੇ ਵਹਾਏ ਜਾ ਰਹੇ ਖੂਨ ਨੂੰ ਦੇਖ ਅਜਿਹਾ ਹੀ ਲੱਗ ਰਿਹਾ ਹੈ ਕਿ ਵਿਸ਼ਵਭਰ ‘ਚ ਹਰ ਪਾਸੇ ਰਾਜਨੀਤੀ ਦੀ ਗੰਦੀ ਬੋਅ ਆ ਰਹੀ ਹੈ,ਜਿਸ ਵਿੱਚ ਲੱਗ ਰਿਹਾ ਹੈ,ਰਾਜਨੀਤਿਕਾਂ ਨੂੰ ਇਨਸਾਨ ਦੀ ਉਨ੍ਹੀ ਪ੍ਰਵਾਹ ਨਹੀਂ ਰਹੀ,ਜਿਨ੍ਹੀਂ ਇੱਕ ਦੇਸ਼ ਦੇ ਰਾਜਨੀਤਿਕਾਂ ਵੱਲੋਂ ਆਪਣੀ ਧੌਂਸ ਜਮਾਉਣ ਲਈ ਦੂਜੇ ਦੇਸ਼ਾਂ ‘ਚ ਲੋਕਾਂ ਦਾ ਕਤਲੇਆਮ ਕਰ ਦਿੱਤਾ ਜਾਂਦਾ ਹੈ ਜਾਂ ਫ਼ਿਰ ਆਪਣੇ ਹੀ ਦੇਸ਼ ਵਿੱਚ ਰਾਜਨੀਤਿਕ ਆਪਣੀਆਂ ਕੁਰਸੀਆਂ ਦੇ ਪਾਵੇ ਮਜ਼ਬੂਤ ਕਰਨ ਲਈ ਆਮ ਲੋਕਾਂ ਵਿਚਕਾਰ ਪਾੜਾ ਪਵਾ ਧਰਤੀ ਨੂੰ ਖੂਨ ਨਾਲ ਰੰਗਾ ਦਿੰਦੇ ਹਨ ਅਤੇ ਇਹ ਸਾਰਾ ਕੁੱਝ ਮੂਕ ਦਰਸ਼ਕ ਬਣੇ ਬੈਠੇ ਦੇਖਦੇ ਹਨ ਕੀ ਹੁਣ ਇਹ ਹੀ ਰਹਿ ਗਿਆ ਵਿਸ਼ਵ ‘ਚ?
ਕੋਈ ਦਿਨ ਅਜਿਹਾ ਆਵੇਗਾ,ਜਦੋਂ ਹਰ ਪਾਸੇ ਅਮਨ,ਚੈਨ ਦੀ ਗੱਲ ਹੋਵੇ,ਕੋਈ ਕਿਸੇ ਨਾਲ ਲੜੇ ਪਰ ਇਹ ਤਦ ਹੀ ਹੋਵੇਗਾ ਜੇਕਰ ਵਿਸ਼ਵਭਰ ਦੇ ਲੀਡਰ ਆਪਣੇ ਦੇਸ਼ਾਂ ਦੇ ਵਿਕਾਸ ‘ਦੇ ਮੁੱਦਿਆਂ ਬਾਰੇ ਸੋਚਣ,ਇੱਕ ਦੇਸ਼ ਦੂਜੇ ਦੇਸ਼ਾਂ ਨਾਲ ਆਪਣੇ ਮਸਲੇ ਬੈਠਕੇ ਸਲਝਾਉਣ ਅਤੇ ਆਪਣੇ ਆਪ ਵਿੱਚ ਇਨਸਾਨੀਅਤ ਪੈਦਾ ਕਰਨ।
ਜਿਸ ਨਾਲ ਵਿਸ਼ਵ ਭਰ ‘ਚ ਇਹ ਸਿਰ ਚੁੱਕ ਰਹੇ ਅੱਤਵਾਦ ‘ਤੇ ਕੋਈ ਠੱਲ ਪਾਈ ਜਾ ਸਕੇਗੀ,ਕਤਲੇਆਮ ਬੰਦ ਹੋ ਸਕੇਗਾ।ਅੱਜ ਇੰਝ ਲੱਗ ਰਿਹਾ ਹੈ,ਜਿਵੇਂ ਥਾਂ-ਥਾਂ ਕਤਲੇਆਮ ਹੁੰਦਾ ਦੇਖ ਕਲਮ ਵੀ ਅੱਜ ਰੋ ਰਹੀ ਹੈ ਕਿ ਹੁਣ ਮੈਂ ਅਮਨ,ਚੈਨ ਬਾਰੇ ਕਦੋਂ ਲਿਖਾਂਗੀ।
ਹਰਕ੍ਰਿਸ਼ਨ ਸ਼ਰਮਾਂ
ਲੋਡ ਹੋ ਰਿਹਾ ਹੈ...
ਪ੍ਰਤਿਕਿਰਿਆ