Welcome, Guest   [ Register | Sign In | Take a tour | Adult Filter: On ]

ਨਹੀਂ ਰਹੇ ਕਾਮਰੇਡ ਹਰਕਿਸ਼ਨ ਸੁਰਜੀਤ

ਨਹੀਂ ਰਹੇ ਗੱਠਜੋੜ ਸਿਆਸਤ ਦੇ 'ਚਾਣਕੀਆ'

ਪੰਜਾਬ ਦੇ ਜੰਮਪਲ ਅਤੇ ਖੱਬੇਪੱਖੀ ਸਿਆਸਤ ‘ਚ ਆਪਣੀ ਧਾਕ ਜਮਾ ‘ਚਾਣਕੀਆ’ ਕਹਾਉਣ ਵਾਲੇ ਮਾਰਕਸੀ ਪਾਰਟੀ ਆਗੂ ਹਰਕਿਸ਼ਨ ਸਿੰਘ ਸੁਰਜੀਤ ਲੰਬਾ ਸਮਾਂ ਬੀਮਾਰੀ ਨਾਲ ਜੂਝਣ ਬਾਅਦ ਪਿੱਛਲੇ ਦਿਨ੍ਹੀ ਨੋਇਡਾ ਦੇ ਇੱਕ ਹਸਪਤਾਲ ‘ਚ ਜ਼ਿੰਦਗੀ ਨੂੰ ਅਲਵਿਦਾ ਕਹਿ ਗਏ।

ਚਾਹੇ ਉਹ ਘੱਟ ਪੜ੍ਹੇ ਲਿਖੇ ਸਨ ਪਰ ਤਕਰੀਬਨ ਸਿਆਸਤ ‘ਚ ਸੱਤ ਦਹਾਕੇ ਗੁਜ਼ਾਰਨ ਵਾਲੇ ਸਮੇਂ ਵਿੱਚ ਉਹ ਭੰਨ ਤੋੜ ਦੀ ਸਿਆਸਤ ਦੇ ਮਾਹਿਰ,ਲੀਡਰਾਂ ਦੇ ਲੀਡਰ ਅਤੇ ਪਾਰਟੀਆਂ ਲਈ ਸੰਕਟ ਮੋਚਨ ਰਹੇ ਸਨ,ਪਾਰਟੀ ‘ਚ ਜਰਨਲ ਸੈਕਟਰੀ ਬਨਣ ਤੋਂ ਪਹਿਲਾਂ ਪੰਜਾਬ ‘ਚ ਉਹ ਕਾਫ਼ੀ ਸਰਗਰਮ ਰਹੇ ਪਰ ਉਸ ਤੋਂ ਬਾਅਦ ਉਨ੍ਹਾਂ ਕੌਮੀ ਸਿਆਸਤ ‘ਚ ਕਮਿਊਨਿਸਟ ਲਹਿਰ ਨੂੰ ਕਾਮਯਾਬ ਕੀਤਾ।ਜਦੋਂ ਵੀ ਸਰਕਾਰਾਂ ਨੂੰ ਬਹੁਮਤ ਹਾਸਲ ਨਹੀਂ ਹੋ ਰਿਹਾ ਹੁੰਦਾ ਸੀ ਤਾਂ ਡੁੱਬਦੀਆਂ ਸਰਕਾਰਾਂ ਦੀ ਬੇੜੀ ਨੂੰ ਹੁਲਾਰਾ ਦੇ ਕੇ ਤੋਰਨ ਵਾਲੇ ਵੀ ਹਰਕਿਸ਼ਨ ਸਿੰਘ ਸੁਰਜੀਤ ਹੀ ਸਨ।

ਅਜ਼ਾਦੀ ਦੇ ਸੰਘਰਸ਼ ਸਮੇਂ ਗੋਰਿਆਂ ਨੂੰ ਭਾਰਤ ‘ਚੋਂ ਕੱਢਣ ਲਈ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਉਹ ਮੈਂਬਰ ਰਹਿੰਦੇ ਹੋਏ ਪੂਰੀ ਤਰ੍ਹਾਂ ਸਰਗਰਮ ਰਹੇ ਅਤੇ ਉਹਨਾਂ ਇੱਕ ਵਾਰ ਪੰਜਾਬ ਦੇ ਜਿਲ੍ਹਾ ਹੁਸ਼ਿਆਰਪੁਰ ਦੀ ਜਿਲ੍ਹਾ ਅਦਾਲਤ ‘ਚ ਬ੍ਰਿਟਿਸ਼ ਝੰਡਾ ਫਾੜ ਉਸ ਦੀ ਜਗ੍ਹਾ ਤਿਰੰਗਾ ਝੰਡਾ ਲਹਿਰਾ ਦਿੱਤਾ।ਪੰਜਾਬ ‘ਚ ਲੋਕ ਲਹਿਰ ਪੰਜਾਬੀ ਦੇ ਅਖਬਾਰ ਅਤੇ ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਮੁੱਖ ਪੱਤਰ ਪੀਪੁਲਜ਼ ਡੋਮੋਕ੍ਰੇਸੀ ਦੇ ਵੀ ਐਡੀਟਰ ਰਹੇ।ਉਨ੍ਹਾਂ ਮਾਝੇ ਅਤੇ ਮਾਲਵੇ ‘ਚ ਸੰਗਰੂਰ ਦੇ ਇਲਾਕੇ ‘ਚ ਸੀਪੀਐਮ ਨੂੰ ਕਾਫ਼ੀ ਮਜ਼ਬੂਤ ਲੀਹਾਂ ‘ਤੇ ਤੋਰਿਆ।

ਕਮਿਊਨਿਸਟ ਪਾਰਟੀ ਵਿੱਚ ਜਦ ਦੇ ਉਹ ਦਾਖਲ ਹੋਏ ਤਾਂ ਉਸ ਤੋਂ ਬਾਅਦ ਉਨ੍ਹਾਂ ਨੇ ਅਜਿਹੀ ਗੱਡੀ ਪਟੜੀ ‘ਤੇ ਲਿਆਂਦੀ ਕਿ ਉਹ ਰੁੱਕੀ ਹੀ ਨਹੀਂ ਤੇ 1964 ‘ਚ ਤਾਂ ਅਜਿਹਾ ਸਮਾਂ ਆਇਆ ਜਦ ਭਾਰਤੀ ਕਮਿਊਨਿਸਟ ਪਾਰਟੀ ਦੋਫਾੜ ਹੋ ਗਈ ਅਤੇ ਉਹ ਮਾਰਕਸੀ ਪਾਰਟੀ ਨਾਲ ਜਾ ਜੁੜ ਗਏ।ਲੰਬੇ ਸਮੇਂ ਤੱਕ ਉਹ ਇਸ ਪਾਰਟੀ ਦੇ ਜਨਰਲ ਸਕੱਤਰ ਰਹੇ ਅਤੇ ਪੋਲਿਟ ਬਿਊਰੋ ਦੇ ਮੈਂਬਰ ਵੀ ਰਹੇ।

1996 ਤੇ 2004 ਵਿੱਚ ਕੇਂਦਰ ਵਿੱਚ ਕੁਲੀਸ਼ਨ ਸਰਕਾਰ ਦੇ ਗਠਨ ਵਿੱਚ ਵੀ ਉਨ੍ਹਾਂ ਬਾਖੂਬੀ ਇੱਕ ਅਹਿਮ ਰੋਲ ਨਿਭਾਇਆ।ਭਾਰਤ ‘ਚ ਮਾਰਕਸੀ ਪਾਰਟੀ ਨੂੰ ਇੱਕ ਮਜ਼ਬੂਤ ਪਾਰਟੀ ਵੱਜੋਂ ਉਭਾਰਨ ਤੋਂ ਇਲਾਵਾ ਖੱਬੇਪੱਖੀ ਦਲਾਂ ਨੂੰ 64-65 ਐਮ.ਪੀਜ਼ ਵੀ ਹਰਕਿਸ਼ਨ ਸਿੰਘ ਸੁਰਜੀਤ ਦੀ ਹੀ ਦੇਣ ਹੈ।ਇੱਥੇ ਇਹ ਕਹਿਣਾ ਵੀ ਗੱਲਤ ਨਹੀਂ ਹੋਵੇਗਾ ਕਿ ਮੌਜੂਦਾ ਮਨਮੋਹਨ ਸਰਕਾਰ ਨੂੰ ਸਮੱਰਥਨ ਦੇਣ ਵਿੱਚ ਵੀ ਕਾਮਰੇਡ ਸੁਰਜੀਤ ਦਾ ਇੱਕ ਅਹਿਮ ਰੋਲ ਰਿਹਾ ਸੀ।

ਇੱਥੇ ਇਹ ਵੀ ਵਰਨਣਯੋਗ ਹੈ ਕਿ ਜਦੋਂ ਪ੍ਰਕਾਸ਼ ਕਰਾਤ ਵਰਗੇ ਨੇਤਾ ਦੀ ਅਗਵਾਈ ‘ਚ ਖੱਬੇਪੱਖੀਆਂ ਨੇ ਪ੍ਰਮਾਣੂ ਮੁੱਦੇ ਨੂੰ ਲੈ ਕੇ ਕਾਂਗਰਸ ਸਰਕਾਰ ਤੋਂ ਸਮੱਰਥਨ ਵਾਪਸ ਲੈ ਕਿਨਾਰਾਕਸ਼ੀ ਕੀਤੀ ਤਾਂ ਜੇਕਰ ਸੁਰਜੀਤ ਇਨ੍ਹੀਂ ਦਿਨ੍ਹੀ ਬੀਮਾਰ ਨਾ ਹੁੰਦੇ ਅਤੇ ਜਨਰਲ ਸੈਕਟਰੀ ਦੇ ਅਹੁਦੇ ‘ਤੇ ਹੁੰਦੇ ਤਾਂ ਸ਼ਾਇਦ ਉਹ ਕਾਂਗਰਸ ਤੋਂ ਕਿਨਾਰਾਕਸ਼ੀ ਨਾ ਕਰਦਿਆਂ ਇਸ ਸਮੱਸਿਆ ਦਾ ਕੋਈ ਨਾ ਕੋਈ ਹੱਲ ਕੱਢਦੇ ਅਤੇ ਮਨਮੋਹਨ ਸਰਕਾਰ ਦੀ ਮਦਦ ਕਰਦੇ,ਜਿਸ ਨਾਲ ਕਾਂਗਰਸ ਅਤੇ ਖੱਬੇਪੱਖੀਆਂ ਵਿੱਚ ਪਾੜਾ ਨਾ ਪੈਂਦਾ।


ਜ਼ਿੰਦਗੀ ਭਰ ਸਿਆਸਤ ਦੇ ਰੁਝੇਵਿਆਂ ‘ਚ ਗੁਜ਼ਰਨ ਬਾਅਦ ਉਹ ਹੁਣ ਬਜ਼ੁਰਗ ਹੋਣ ਕਾਰਣ ਕਾਫ਼ੀ ਬੀਮਾਰ ਚੱਲ ਰਹੇ ਸਨ,ਜਿਸ ਕਾਰਣ ਉਨ੍ਹਾਂ ਨੂੰ ਸਿਆਸੀ ਸਰਗਰਮੀਆਂ ਛੱਡਣੀਆਂ ਪਈਆ।ਆਖਰ ਉਹ ਦੁਨੀਆਂ ਨੂੰ ਅਲਵਿਦਾ ਕਹਿ ਗਏ।ਚਾਹੇ ਕੁੱਝ ਵੀ ਹੋਵੇ,ਹਰਕਿਸ਼ਨ ਸਿੰਘ ਸੁਰਜੀਤ ਤਾਂ ਅਮਰ ਹੋ ਗਏ ਅਤੇ ਉਹ ਆਪਣੇ ਪਿੱਛੇ ਮਾਰਕਸੀ ਪਾਰਟੀ ਨੂੰ ਚਲਾਉਣ ਲਈ ਚੰਗੇ ਤੇ ਸੂਝਵਾਨ ਲੀਡਰ ਛੱਡ ਗਏ ਹਨ,ਜਿਨ੍ਹਾਂ ਨੇ ਉਨ੍ਹਾਂ ਕੋਲੋਂ ਬਹੁਤ ਕੁੱਝ ਸਿੱਖਿਆ ਹੈ। ਫ਼ਿਰ ਵੀ ਮਾਰਕਸੀ ਪਾਰਟੀ ਨੂੰ ਤੇਜ਼ਤਰਾਰ,ਤਜਰਬੇਕਾਰ ਸੂਝਵਾਨ ਨੇਤਾ ਹਰਕਿਸ਼ਨ ਸਿੰਘ ਸੁਰਜੀਤ ਦੀ ਘਾਟ ਹਮੇਸ਼ਾ ‘ਚ ਰੜਕਦੀ ਰਹੇਗੀ।



ਅਸਵੀਕਰਨ