Welcome, Guest   [ Register | Sign In | Take a tour | Adult Filter: On ]

ਪੰਜਾਬ ‘ਚ ਕਾਂਗਰਸ ਦੇ ਮਜ਼ਬੂਤ ਹੋਣ ਦੇ ਅਸਾਰ

ਲੋਕ ਸਭਾ ਚੋਣਾਂ ‘ਚ ਭਾਵੇਂ ਹਾਲੇ ਸਮਾਂ ਪਿਆ ਹੈ ਪਰ ਕੇਂਦਰ ਸਰਕਾਰ ਲਈ ਪੰਜਾਬ ਦੀ ਰਾਜਨੀਤੀ ਕਾਫ਼ੀ ਸਮੇਂ ਤੋਂ ਸਿਰਦਰਦੀ ਦਾ ਕਾਰਣ ਬਣੀ ਹੋਈ ਸੀ ਕਿਉਂਕਿ ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਮੁੱਖਮੰਤਰੀ ਅਤੇ ਸਾਬਕਾ ਪੰਜਾਬ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨ ਰਜਿੰਦਰ ਕੌਰ ਭੱਠਲ ‘ਚ ਲੰਬੇ ਸਮੇਂ ਤੋਂ ਸ਼ੀਤ ਯੁੱਧ ਚੱਲਣ ਕਾਰਣ ਕਾਂਗਰਸ ਮਜ਼ਬੂਤੀ ਨਹੀਂ ਫੜ੍ਹ ਰਹੀ ਸੀ।

ਭਰੋਸੇ ਦਾ ਵੋਟ ਜਿੱਤਣ ਬਾਅਦ ਹਾਈਕਮਾਨ ਨੇ ਪੰਜਾਬ ‘ਤੇ ਆਪਣਾ ਧਿਆਨ ਕੇਂਦਰਤ ਕਰਦਿਆਂ ਅਤੇ ਬੀਬੀ ਭੱਠਲ ਦੇ ਇਟਲੀ ਜਾਂਦਿਆ ਹੀ ਪੰਜਾਬ ਦੀ ਰਾਜਨੀਤੀ ‘ਚ ਮਹਿੰਦਰ ਸਿੰਘ ਕੇ.ਪੀ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਕਾਰਜਕਾਰੀ ਪ੍ਰਧਾਨ ਅਤੇ ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਨੂੰ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਬਣਾ ਕੇ ਇੱਕ ਵਾਰ ਪੰਜਾਬ ‘ਚ ਸਿਆਸੀ ਮਾਹੌਲ ਗਰਮ ਕਰ ਦਿੱਤਾ ਹੈ|

ਜਿਸ ਨਾਲ ਲੰਬੇ ਸਮੇਂ ਤੋਂ ਕੈਪਟਨ ਅਮਰਿੰਦਰ ਸਿਘ ਅਤੇ ਉਨ੍ਹਾਂ ਦੇ ਚਹੇਤੇ ਕਾਂਗਰਸੀ ਵਰਕਰਾਂ ਦੇ ਪਸਤ ਹੋਏ ਹੋਂਸਲੇ ਇੱਕ ਵਾਰ ਫ਼ਿਰ ਬੁਲੰਦ ਹੋ ਗਏ ਹਨ ਅਤੇ ਕੈਪਟਨ ਦੇ ਚਹੇਤਿਆਂ ਦੇ ਮੁਰਝਾਏ ਚਿਹਰਿਆਂ ‘ਤੇ ਰੋਣਕ ਮੁੜ ਆਈ।ਉਨ੍ਹਾਂ ਨੂੰ ਇੱਕ ਵਾਰ ਪੰਜਾਬ ‘ਚ ਕਾਂਗਰਸੀ ਪਾਰਟੀ ਦੇ ਮਜ਼ਬੂਤ ਹੋਣ ਦੀਆਂ ਫ਼ਿਰ ਉਮੀਦਾਂ ਜਾਗ ਉੱਠੀਆਂ ਹਨ।ਇੱਥੇ ਹੀ ਜਿੱਥੇ ਕੈਪਟਨ ਅਮਰਿੰਦਰ ਸਿੰਘ ਦੇ ਚਹੇਤੇ ਵਰਕਰਾਂ ‘ਚ ਖੁਸ਼ੀ ਦੀ ਲਹਿਰ ਦੌੜ ਗਈ ਹੈ,ਉੱਥੇ ਹੀ ਭੱਠਲ ਅਤੇ ਉਸ ਦੇ ਚਹੇਤੇ ਕਾਂਗਰਸੀ ਵਰਕਰਾਂ ‘ਚ ਜ਼ਿਆਦਾ ਜੋਸ਼ ਦਿਖਾਈ ਨਹੀਂ ਦੇ ਰਿਹਾ ਹੈ।

ਇੱਥੇ ਇਹ ਵੀ ਜ਼ਿਕਰਯੋਗ ਹੈ ਕਿ 7-8 ਸਾਲ ਪਹਿਲਾਂ ਸ੍ਰ:ਪ੍ਰਕਾਸ਼ ਸਿੰਘ ਬਾਦਲ ਦੀ ਹਕੂਮਤ ਵੇਲੇ ਜਦੋਂ ਰਜਿੰਦਰ ਕੌਰ ਭੱਠਲ ਵਿਰੋਧੀ ਲੈਜਿਸਲੇਟਿਵ ਦੀ ਲੀਡਰ ਸੀ ਅਤੇ ਕੈਪਟਨ ਅਮਰਿੰਦਰ ਸਿੰਘ ਉਸ ਸਮੇਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸਨ,ਤਦ ਵੀ ਬੀਬੀ ਰਜਿੰਦਰ ਕੌਰ ਭੱਠਲ ਵਿਦੇਸ਼ ਗਈ ਹੋਈ ਸੀ ਅਤੇ ਉਨ੍ਹਾਂ ਦੇ ਜਾਣ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਇਹ ਵਿਰੋਧੀ ਲੈਜਿਸਲੇਟਿਵ ਲੀਡਰ ਦਾ ਅਹੁਦਾ ਚੌਧਰੀ ਜਗਜੀਤ ਸਿੰਘ ਨੂੰ ਦਿਵਾ ਕੇ ਲੀਡਰ ਬਣਾਇਆ ਸੀ,ਇਸੇ ਤਰ੍ਹਾਂ ਉਸ ਸਮੇਂ ਵੀ ਰਜਿੰਦਰ ਕੌਰ ਭੱਠਲ ਤੋਂ ਅਹੁਦਾ ਖੁੱਸ ਗਿਆ ਸੀ ਅਤੇ ਹੁਣ ਵੀ ਉਸੇ ਤਰ੍ਹਾਂ ਹੀ ਹੋਇਆ ਹੈ।

ਸਿਆਸੀ ਗਲਿਆਰਿਆਂ ‘ਚ ਇਹ ਵੀ ਚਰਚਾ ਹੈ ਕਿ ਮਹਿੰਦਰ ਸਿੰਘ ਕੇ.ਪੀ ਵਰਕਿੰਗ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਹਨ ਅਤੇ ਉਨ੍ਹਾਂ ਨੂੰ ਕੈਪਟਨ ਅਤੇ ਭੱਠਲ ‘ਚ ਬਾਲੈਂਸ ਬਨਾਉਣ ਦੀ ਸੋਝੀ ਹੈ ਅਤੇ ਆਉਣ ਵਾਲੇ ਸਮੇਂ ‘ਚ ਉਹ ਇਨ੍ਹਾਂ ਦੋਵਾਂ ਧੜਿਆਂ ‘ਚ ਬਾਲੈਂਸ ਬਣਾ ਦੇਣਗੇ।ਇਹ ਵੀ ਜ਼ਿਕਰਯੋਗ ਹੈ ਕਿ ਭੱਠਲ ਨਾਲ ਜੋ ਮੰਤਰੀ ਅਤੇ ਵਰਕਰ ਜੁੜੇ ਹੋਏ ਸਨ ਉਹ ਵੀ ਹੁਣ ਕੈਪਟਨ ਨਾਲ ਨੇੜਤਾ ਬਨਾਉਣ ਦੀ ਕੋਸ਼ਿਸ ‘ਚ ਲੱਗੇ ਹੋਏ ਹਨ।ਉਨ੍ਹਾਂ ਲੀਡਰਾਂ ਅਤੇ ਵਰਕਰਾਂ ਦੀ ਹੁਣ ਕੋਸ਼ਿਸ ਇਹ ਹੋਵੇਗੀ ਕਿ ਪੰਜਾਬ ‘ਚ ਕਾਂਗਰਸ ਜਿੱਤੇ ਅਤੇ ਇਸਦਾ ਸਿਹਰਾ ਕਾਂਗਰਸ ਪ੍ਰਧਾਨ ਸੋਨੀਆ ਅਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਜਾਵੇ।

ਜਿੱਥੇ ਕਾਂਗਰਸੀ ਦੋਨੋਂ ਧੜਿਆਂ ‘ਚ ਇਸ ਨੂੰ ਲੈ ਕੇ ਖੁਸ਼ੀ ਅਤੇ ਮਾਯੂਸੀ ਦਾ ਮਾਹੌਲ ਬਣਿਆ ਹੈ ਉੱਥੇ ਹੀ ਦੂਜੇ ਪਾਸੇ ਭਾਵੇਂ ਅਕਾਲੀ ਦਲ ਆਗੂ ਕਹਿੰਦੇ ਹਨ ਕਿ ਅਮਰਿੰਦਰ ਦੇ ਆਉਣ ਨਾਲ ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ ਪਰ ਇਸ ਨਾਲ ਅਕਾਲੀ ਦਲ ਖੇਮੇ ਵਿੱਚ ਹਲਚਲ ਤਾਂ ਜਰੂਰ ਮੱਚ ਗਈ ਹੈ ਕਿਉਂਕਿ ਇਹ ਜੱਗ ਜ਼ਾਹਿਰ ਸੀ ਕਿ ਬੀਬੀ ਭੱਠਲ ਦੀ ਬਾਦਲਕਿਆਂ ਨਾਲ ਸਾਂਠਗਾਂਠ ਚੱਲ ਰਹੀ ਹੈ ਅਤੇ ਉਸ ਵੱਲੋਂ ਅਕਾਲੀ ਦਲ ਦਾ ਕੋਈ ਖਾਸ ਵਿਰੋਧ ਨਹੀਂ ਕੀਤਾ ਜਾ ਰਿਹਾ ਸੀ,ਜਦੋਂਕਿ ਹੁਣ ਕੈਪਟਨ ਅਮਰਿੰਦਰ ਸਿੰਘ ਜੋ ਕਿ ਅਕਾਲੀ ਦਲ ਪਾਰਟੀ ‘ਚ ਕਾਫ਼ੀ ਸਮਾਂ ਰਹਿ ਕੇ ਘਰ ਦੇ ਭੇਤੀ ਵੀ ਹਨ ਅਤੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਸਭ ਤੋਂ ਵੱਡੇ ਵਿਰੋਧੀ ਹੋਣ ਕਾਰਣ ਉਹ ਦੱਬਕੇ ਅਕਾਲੀ ਦਲ ਦਾ ਵਿਰੋਧ ਕਰਨਗੇ।


ਜੇਕਰ ਇਸ ਗੱਲ ਨੂੰ ਧਿਆਨ ‘ਚ ਲਿਆਂਦਾ ਜਾਵੇ ਕਿ ਜਿਲ੍ਹਾ ਪ੍ਰੀਸ਼ਦ,ਪੰਚਾਇਤੀ ਚੌਣਾਂ ਜਾਂ ਨਗਰ ਕੌਂਸਲਰ ਚੌਣਾਂ ‘ਚ ਜੋ ਕੁੱਝ ਵਾਪਰਿਆ ਸੀ,ਉਸ ਨਾਲ ਅਕਾਲੀ ਪਾਰਟੀ ਦਾ ਅਕਸ ਧੁੰਦਲਾ ਵੀ ਹੋਇਆ ਪਰ ਕੁੱਝ ਵੀ ਹੋਵੇ ਅਕਾਲੀ ਦਲ ਵੱਲੋਂ ਇਨ੍ਹਾਂ ਚੋਂਣਾਂ ‘ਚ ਕਾਂਗਰਸ ਨੂੰ ਮਾਤ ਦੇ ਕੇ ਉਹ ਪੰਜਾਬ ‘ਚ ਆਪਣੀ ਪਕੜ ਮਜ਼ਬੂਤ ਰੱਖੇ ਹੋਏ ਹਨ ਅਤੇ ਆਉਣ ਵਾਲੇ ਸਮੇਂ ‘ਚ ਉਹ ਕਾਂਗਰਸ ਨੂੰ ਮਾਤ ਦੇਣ ਲਈ ਪੂਰਾ ਜ਼ੋਰ ਲਗਾਉਣਗੇ।

ਇਸ ਗੱਲ ਨੂੰ ਵੀ ਅਣਗੋਲਿਆ ਨਹੀਂ ਕੀਤਾ ਜਾ ਸਕਦਾ ਕਿ ਜਦੋਂ ਕਾਂਗਰਸ ਭਰੋਸੇ ਦਾ ਵੋਟ ਜਿੱਤਣ ਲਈ ਹੱਥ ਪੈਰ ਮਾਰ ਰਹੀ ਸੀ ਤਾਂ ਇੱਥੇ ਸ਼੍ਰੋਮਣੀ ਅਕਾਲੀ ਦਲ ‘ਚ ਉਨ੍ਹਾਂ ਦੀ ਪਾਰਟੀ ‘ਚੋਂ ਮੈਂਬਰ ਪਾਰਲੀਮੈਂਟ ਸੁਖਦੇਵ ਸਿੰਘ ਲਿਬੜਾ ਵੀ ਬਗਾਵਤ ਕਰ ਗਏ ਸਨ,ਜਿੱਥੇ ਹੁਣ ਸ਼੍ਰੋਮਣੀ ਅਕਾਲੀ ਦਲ ਨੂੰ ਪਹਿਲਾਂ ਪਾਰਟੀ ‘ਚ ਰਹਿ ਚੁੱਕੇ ਘਰ ਦੇ ਭੇਤੀ ਸ੍ਰ:ਕੈਪਟਨ ਅਮਰਿੰਦਰ ਸਿੰਘ ਦੀਆਂ ਨੀਤੀਆਂ ਤੋਂ ਚੋਕੰਣਾ ਹੋਣਾ ਪਵੇਗਾ,ਉੱਥੇ ਹੀ ਉਨ੍ਹਾਂ ਨੂੰ ਆਪਣੀ ਪਾਰਟੀ ਵਿੱਚ ਬਗਾਵਤ ਨੂੰ ਹਵਾ ਮਿਲਣ ਨੂੰ ਰੋਕਣ ਲਈ ਪੂਰੀ ਤਰ੍ਹਾਂ ਤਿਆਰ ਰਹਿਣਾ ਹੋਵੇਗਾ।

ਸਿਆਸੀ ਗਲਿਆਰਿਆਂ ‘ਚ ਜਿੱਥੇ ਪੰਜਾਬ ਦੇ ਪਾਣੀ ਲਈ ਲੜਨ ਵਾਲੇ,ਕਿਸਾਨਾਂ ਦੇ ਚਹੇਤੇ ਕੈਪਟਨ ਅਮਰਿੰਦਰ ਸਿੰਘ ਨੂੰ ਅਕਾਲੀ ਦਲ ਲਈ ਖਤਰਾ ਕਿਹਾ ਜਾ ਰਿਹਾ ਹੈ,ਉੱਥੇ ਇਸ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ ਕਿ ਪਿੱਛਲੀਆਂ ਪੰਜਾਬ ਦੀਆਂ ਲੋਕਸਭਾ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੇ ਮਿਲਕੇ ਪੰਜਾਬ ‘ਚ ਹੂੰਝਾ ਫੇਰ 13 ਵਿੱਚੋਂ 11 ਸੀਟਾਂ ਜਿੱਤਕੇ ਕਾਂਗਰਸ ਨੂੰ ਮਾਤ ਦਿੱਤੀ ਸੀ।

ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਪੰਜਾਬ ਦੀ ਰਾਜਨੀਤੀ ਕਿਸ ‘ਤੇ ਭਾਰੂ ਪੈਂਦੀ ਹੈ ਅਤੇ ਆਉਂਦੀਆਂ ਲੋਕਸਭਾ ਚੋਣਾਂ ‘ਚ ਕੋਣ ਬਾਜ਼ੀ ਮਾਰਦਾ ਹੈ,ਪਰ ਕੁੱਝ ਵੀ ਹੋਵੇ ਇੱਕ ਵਾਰ ਤਾਂ ਕੈਪਟਨ ਦੇ ਦੁਆਰਾ ਰਾਜਨੀਤੀ ‘ਚ ਸਰਗਰਮ ਹੋਣ ਨਾਲ ਪੰਜਾਬ ਦੀ ਰਾਜਨੀਤੀ ‘ਚ ਮਾਹੌਲ ਗਰਮਾ ਗਿਆ ਹੈ।


ਅਸਵੀਕਰਨ