Welcome, Guest   [ Register | Sign In | Take a tour | Adult Filter: On ]

ਪੰਜਾਬੀ ਵੈਬਸਾਈਟ 'ਜੀ ਪੰਜਾਬ ਡਾਟ ਕੌਮ' ਦਾ ਉਦਘਾਟਨ


ਸਿੱਖਿਆ ਦੇ ਖੇਤਰ 'ਚ ਵੱਡੇ ਉੱਦਮਾਂ ਦੀ ਲੋੜ:ਅਟਵਾਲ


ਦੇਸ਼ ਦੀ ਮੁੱਢਲੀ ਵਿੱਦਿਆ ਦਾ ਢਾਂਚਾ ਢਹਿ-ਢੇਰੀ ਹੋ ਚੁੱਕਿਆ ਹੈ ਅਤੇ ਹੁਣ ਗੈਰ ਸਰਕਾਰੀ ਤੇ ਹੋਰ ਸਮਾਜਕ ਸੰਸਥਾਵਾਂ ਨੂੰ ਇਸ ਢਾਂਚੇ ਨੂੰ ਸੁਧਾਰਨ ਲਈ ਆਪਣਾ ਮੁਢਲਾ ਫਰਜ਼ ਸਮਝ ਕੇ ਇਸ ਲਈ ਕੰਮ ਕਰਨਾ ਚਾਹੀਦਾ ਹੈ।ਇਹ ਸ਼ਬਦ ਅੱਜ ਲੋਕ ਸਭਾ ਦੇ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਗਲੋਬਲ ਪੰਜਾਬ ਫਾਊਂਡੇਸ਼ਨ ਦੀ ਵ੍ਹੈਬ ਸਾਈਟ 'ਜੀ ਪੰਜਾਬ ਡਾਟ ਕੌਮ' ਦਾ ਰਸਮੀ ਉਦਘਾਟਨ ਕਰਦਿਆਂ ਕਹੇ।

ਇਸ ਤੋਂ ਇਲਾਵਾ ਉਨ੍ਹਾਂ ਕਿਹਾ ਹੈ ਕਿ ਸੰਸਾਰੀਕਰਨ ਦੀ ਸਭ ਤੋਂ ਪਹਿਲੀ ਮਿਸਾਲ ਪ੍ਰਥਮ ਪਾਤਸ਼ਾਹ ਦੇ ਰੂਪ ਵਿਚ ਹੀ ਮਿਲਦੀ ਹੈ,ਜਿਨ੍ਹਾਂ ਦੀਆਂ ਸਿਖਿਆਵਾਂ ਤੇ ਡੂੰਘਾਈ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਸਿੱਖਿਆ ਦੇ ਖੇਤਰ ਵਿੱਚ ਵੱਡੇ ਉਦਮਾਂ ਦੀ ਲੋੜ ਹੈ।ਉਨ੍ਹਾਂ ਪੰਜਾਬੀ ਯੂਨੀਵਰਸਿਟੀ ਦੇ ਪੱਤਰਕਾਰੀ ਤੇ ਜਨ ਸੰਚਾਰ ਵਿਭਾਗ ਦੇ ਰੀਡਰ ਡਾ.ਹਰਜਿੰਦਰ ਪਾਲ ਸਿੰਘ ਵਾਲੀਆ ਦੀ ਅਗਵਾਈ ਵਿੱਚ ਕੰਮ ਕਰ ਰਹੀ ਐਨ ਜੀ ਓ ਗਲੋਬਲ ਪੰਜਾਬ ਫਾਊਂਡੇਸ਼ਨ ਦੀ ਪੰਜਾਬੀਅਤ ਪ੍ਰਤੀ ਸੇਵਾ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਐਨ ਜੀ ਓ ਦੀ ਵ੍ਹੈਬ ਸਾਈਟ ਦਾ ਪੰਜਾਬੀ ਨੂੰ ਹੋਰ ਉੱਚਾ ਚੁੱਕਣ ਲਈ ਇਹ ਇੱਕ ਸ਼ਲਾਘਾਯੋਗ ਕਦਮ ਹੈ ।

ਇਹ ਵੈਬਸਾਈਟ ਜ਼ਰੀਏ ਉਹ ਪੰਜਾਬ,ਪੰਜਾਬੀਅਤ ਅਤੇ ਪੰਜਾਬੀ ਸੱਭਿਆਚਾਰ ਨੂੰ ਵਿਸ਼ਵ ਪੱਧਰ 'ਤੇ ਪਹੁੰਚਾਉਣ ਦੇ ਯਤਨ ਕਰਨਗੇ।ਇਸ ਤੋਂ ਇਲਾਵਾ ਇੱਥੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ:ਜਸਪਾਲ ਸਿੰਘ ਨੇ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਫਾਊਂਡੇਸ਼ਨ ਦੇ ਉਦਮ ਨੂੰ ਠੋਸ ਕਾਰਜ ਦੱਸਿਆ ਤੇ ਮੰਗ ਕੀਤੀ ਕਿ ਅਜਿਹੀਆਂ ਵੈਬ੍ਹ ਸਾਈਟਾਂ ਵਿਚ ਪੰਜਾਬੀ ਜੀਵਣ ਸ਼ੈਲੀ ਨੂੰ ਵੀ ਉਭਾਰਿਆ ਜਾਵੇ ਤਾਂ ਜੋ ਆਮ ਤੇ ਗੈਰ ਪੰਜਾਬੀ ਲੋਕ ਵੀ ਪੰਜਾਬੀਅਤ ਦੀ ਰੂਹ ਤੋਂ ਵਾਕਫ ਹੋ ਸਕਣ।ਉਨ੍ਹਾਂ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਆਮ ਲੋਕਾਂ ਦੇ ਸਹਿਯੋਗ ਤੇ ਰਾਏ ਦੀ ਮੰਗ ਕੀਤੀ।

ਉਨ੍ਹਾਂ ਕਿਹਾ ਕਿ ਗਲੋਬਲ ਪੰਜਾਬ ਫਾਊਂਡੇਸ਼ਨ ਅਸਲ ਵਿੱਚ ਆਪਣੀਆਂ ਗਤੀਵਿਧੀਆਂ ਰਾਂਹੀ ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਦੇ ਮਨੋਰਥ ਨੂੰ ਹੀ ਪੂਰਾ ਕਰ ਰਹੀ ਹੈ।ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ:ਦਲਬੀਰ ਸਿੰਘ ਢਿੱਲੋਂ ਤੇ ਸੁਪ੍ਰਸਿੱਧ ਲੋਕ ਸ਼ਾਇਰ ਡਾ:ਕੁਲਵੰਤ ਸਿੰਘ ਗਰੇਵਾਲ ਨੇ ਕਿਹਾ ਕਿ ਪੰਜਾਬੀਅਤ ਨੂੰ ਦਰਵੇਸ਼ ਉਦਾਸੀਆਂ,ਗੁਰਬਤ ਦੇ ਦੁਖ ਤੇ ਨਿਰਾਸ਼ਾ ਅਸਲ ਵਿੱਚ ਸੂਬੇ ਦੀਆਂ ਵਾਰ-ਵਾਰ ਹੋਈਆਂ ਵੰਡੀਆਂ ਵਿਚੋਂ ਹੀ ਉਪਜੀ ਹੈ ਤੇ ਇਸ ਨੂੰ ਖਤਮ ਕਰਨ ਲਈ ਪੰਜਾਬੀ ਧਰਮ,ਵਿਰਸੇ ਤੇ ਚੇਤਨਾ ਦੀ ਗਲ ਕਰਨ ਵਾਲੀਆਂ ਸੰਸਥਾਵਾਂ ਪੈਦਾ ਕਰਨ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਫਾਊਂਡੇਸ਼ਨ ਦਾ ਮਨੋਰਥ ਵੀ ਪੰਜਾਬੀ ਸਮਾਜਾਂ ਦੀ ਏਕਤਾ ਪੈਦਾ ਕਰਨਾ ਹੈ।

ਸਮਾਗਮ ਵਿੱਚ ਡਾ਼ ਹਰਜਿੰਦਰ ਪਾਲ ਸਿੰਘ ਵਾਲੀਆ ਨੇ ਫਾਊਂਡੇਸ਼ਨ ਦੇ ਮਨੋਰਥਾਂ, ਕੰਮ-ਕਾਜ ਤੇ ਜੀ ਪੰਜਾਬ ਰੇਡੀਓ ਤੇ ਸਾਈਟ ਬਾਰੇ ਜਾਣੂ ਕਰਵਾਏ ਜਾਣ ਤੋਂ ਇਲਾਵਾ ਪੰਜਾਬੀ ਭਾਸ਼ਾ ਸਬੰਧੀ ਵੈਬ੍ਹ ਪੱਤਰਕਾਰੀ ਦੀ ਲੋਡ ਲੋੜ ਤੇ ਮੁਸ਼ਕਿਲਾਂ ਬਾਰੇ ਸੈਮੀਨਾਰ ਵਿੱਚ ਡਾ਼: ਰਜਿੰਦਰਪਾਲ ਸਿੰਘ ਬਰਾੜ, ਜਨਮੇਜਾ ਸਿੰਘ ਜੌਹਲ ਤੇ ਗੁਰਕਿਰਪਾਲ ਸਿੰਘ ਅਸ਼ਕ ਨੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਅਜਿਹੇ ਕਾਰਜ ਵਿੱਚ ਯੂਨੀਵਰਸਿਟੀਆਂ ਨੂੰ ਅਗਵਾਈ ਦੇਣ ਲਈ ਸਦਾ ਦਿੱਤਾ।

ਉਨ੍ਹਾਂ ਪੰਜਾਬੀ ਪੱਤਰਕਾਰੀ ਤੇ ਇਲੈਕਟ੍ਰਾਨਿਕ ਸਿੱਖਿਆ ਤੇ ਕਾਰੋਬਾਰ ਨੂੰ ਅਸੀਮਤ ਕਰਨ ਦਾ ਸੱਦਾ ਦਿੱਤਾ ਤੇ ਸਿੱਖਿਅਤ ਵਰਗ ਨੂੰ ਘੱਟ ਸਿਖਿਅਤਾਂ ਦੀਆਂ ਲੋੜਾਂ ਤੇ ਇਛਾਵਾਂ ਨੂੰ ਨਾਲ ਲੈ ਕੇ ਤੁਰਨ ਦਾ ਹੋਕਾ ਦਿੱਤਾ।ਸਮਾਗਮ ਨੂੰ ਡਾ. ਅੰਮ੍ਰਿਤਪਾਲ ਕੌਰ, ਮਹੰਤ ਆਤਮਾ ਰਾਮ, ਕਰਨੈਲ ਸਿੰਘ ਗਰੀਬ ਨੇ ਵੀ ਸੰਬੋਧਨ ਕੀਤਾ।

ਸ਼੍ਰੀ ਅਟਵਾਲ ਨੇ ਕੌਮਾਂਤਰੀ ਕਥਾਵਾਚਕ ਤੇ ਗੁਰੂ ਨਾਨਕ ਮਿਸ਼ਨ ਇੰਟਰਨੈਸ਼ਨਲ ਦੇ ਪ੍ਰਧਾਨ ਗਿਆਨੀ ਕਰਨੈਲ ਸਿੰਘ ਗਰੀਬ ਨੂੰ ਗਲੋਬਲ ਪੰਜਾਬ ਫਾਊਂਡੇਸ਼ਨ ਵੱਲੋਂ ਪਹਿਲੇ ਭਾਈ ਗੁਰਦਾਸ ਸ਼੍ਰੋਮਣੀ ਕਥਾਵਾਚਕ ਪੁਰਸਕਾਰ ਨਾਲ ਸਨਮਾਨਤ ਕੀਤਾ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਸੈਨੇਟ ਹਾਲ ਵਿੱਚ ਯੂਨੀਵਰਸਿਟੀ ਤੇ ਪਟਿਆਲਾ ਸ਼ਹਿਰ ਨਾਲ ਸਬੰਧਤ ਕਈ ਸਖਸ਼ੀਅਤਾਂ ਹਾਜ਼ਰ ਸਨ।
ਅਸਵੀਕਰਨ