Welcome, Guest   [ Register | Sign In | Take a tour | Adult Filter: On ]

ਪੰਜਾਬ ‘ਚ ਚੋਣ ਸਰਗਰਮੀਆਂ ਨੇ ਤੇਜ਼ੀ ਫੜ੍ਹੀ

ਆਉਂਦੀਆਂ ਲੋਕ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਵੱਲੋਂ ਹਲਕਾ ਬਠਿੰਡਾ ‘ਚ ਚੋਣ ਰੈਲੀਆਂ ਕਰ ਜਿੱਥੇ ਮਾਲਵਾ ਦੇ ਲੋਕਾਂ ਨੂੰ ਭਰਮਾਉਣ ਦਾ ਸਿਲਸਿਲਾ ਸ਼ੁਰੂ ਕਰ ਲਿਆ ਗਿਆ ਹੈ,ਉੱਥੇ ਹੀ ਪੰਜਾਬ ‘ਚ ਚੋਣ ਸਰਗਰਮੀਆਂ ਨੇ ਤੇਜ਼ੀ ਫੜ੍ਹ ਲਈ ਹੈ।ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਬਨਣ ਮਗਰੋਂ ਪੰਜਾਬ ਦੀ ਰਾਜਨੀਤੀ ‘ਚ ਮਾਹੌਲ ਗਰਮ ਤਾਂ ਹੋਇਆ ਹੀ ਸੀ,ਪਰ ਇਸ ਵਾਰ ਉਸ ਵੱਲੋਂ ਮੁੱਖਮੰਤਰੀ ਸ੍ਰ.ਪ੍ਰਕਾਸ਼ ਸਿੰਘ ਬਾਦਲ ਦੇ ਇਲਾਕੇ ਲੰਬੀ ‘ਤੋਂ ਹੀ ਆਪਣੀ ਚੋਣ ਪ੍ਰਚਾਰ ਦੀ ਮੁਹਿੰਮ ਸ਼ੁਰੂ ਕਰਨ ‘ਤੇ ਸ਼੍ਰੋਮਣੀ ਅਕਾਲੀ ਦਲ ਖੇਮੇ ‘ਚ ਇਸ ਨੂੰ ਬੜੀ ਤਸ਼ਵੀਸ਼ ਨਾਲ ਦੇਖਿਆ ਜਾਂਦਾ ਹੈ,ਹੋਰ ਤਾਂ ਹੋਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਬੜੇ ਸਲੀਕੇ ਨਾਲ ਬੋਲਣ ਵੱਲੋਂ ਜਾਣੇ ਜਾਂਦੇ ਹਨ,ਉਹਨਾਂ ਦੀ ਭਾਸ਼ਾ ‘ਚ ਵੀ ਹੁਣ ਤਲਖੀ ਦਾ ਪ੍ਰਭਾਵ ਨਜ਼ਰ ਆਉਂਦਾ ਹੈ।

ਜਿਸ ਕਾਰਣ ਕੈਪਟਨ ਦੀ 1 ਸਤੰਬਰ ਦੀ ਰੈਲੀ ਦੇ ਅਸਰ ਨੂੰ ਖਤਮ ਕਰਨ ਲਈ ਸ਼੍ਰੋਮਣੀ ਅਕਾਲੀ ਦਲ (ਬ) ਨੇ 2 ਸਤੰਬਰ ਨੂੰ ਹੀ ਬਠਿੰਡਾ ਹਲਕੇ ਦੇ ਮਾਨਸਾ ਜਿਲ੍ਹੇ ਦੇ ਪਿੰਡ ਬਣਾਂਵਾਲੀ ‘ਚ ਥਰਮਲ ਪਲਾਂਟ ਦਾ ਉਦਘਾਟਨ ਕਰਕੇ ਚੋਣ ਰੈਲੀ ਕੀਤੀ।ਇਸ ਚੋਣ ਰੈਲੀ ‘ਚ ਅਕਾਲੀ ਦਲ ਦੇ ਛੋਟੇ ਵਰਕਰਾਂ ‘ਤੇ ਵੀ ਭੀੜ ਜੁਟਾਉਣ ਦਾ ਕੋਟਾ ਲਾ ਦਿੱਤਾ ਗਿਆ ਅਤੇ ਉਹ ਵਿਚਾਰੇ ਅਖੀਰ ‘ਚ ਤਿੰਨ-ਚਾਰ ਦਿਨਾਂ ‘ਚ ਵੀ ਭੀੜ ਜੁਟਾਉਣ ਲਈ ਘਰਾਂ ‘ਚ ਮਾਰੇ ਮਾਰੇ ਫਿਰਦੇ ਰਹੇ ਅਤੇ ਸਰਕਾਰੀ ਮਸ਼ੀਨਰੀ ਦਾ ਵੀ ਇਸ ਵਿੱਚ ਰੱਜਕੇ ਦੁਰਉਪਯੋਗ ਕੀਤਾ ਗਿਆ।

ਇੱਥੇ ਇਹ ਵੀ ਦੱਸਣ ਯੋਗ ਹੈ ਕਿ ਕੈਪਟਨ ਧੜੇ ਵੱਲੋਂ ਜਿੱਥੇ ਲੀਡਰਾਂ,ਵਰਕਰਾਂ ਨੂੰ ਰੈਲੀ ‘ਚ ਵੱਧ ਤੋਂ ਵੱਧ ਇਕੱਠ ਕਰਨ ਦੇ ਆਦੇਸ਼ ਦਿੱਤੇ ਗਏ,ਉਧਰ ਦੂਜੇ ਪਾਸੇ ਮੌਜੂਦਾ ਮੁੱਖਮੰਤਰੀ ਸ੍ਰ.ਪ੍ਰਕਾਸ਼ ਸਿੰਘ ਬਾਦਲ ਵੱਲੋਂ ਵੀ ਰੈਲੀ ਨੂੰ ਕਿਵੇਂ ਵੀ ਕਰਕੇ ਸਫ਼ਲ ਬਨਾਉਣ ਦੇ ਆਦੇਸ਼ ਦੇ ਦਿੱਤੇ ਗਏ। ਪ੍ਰਸ਼ਾਸਨ ਵੀ ਪੱਬਾਂ ਭਾਰ ਹੋ ਗਿਆ ਅਤੇ ਰੈਲੀ ਨੂੰ ਕਾਮਯਾਬ ਕਰਨ ਲਈ ਦਿਨ,ਰਾਤ ਇੱਕ ਕਰ ਦਿੱਤਾ ਗਿਆ।ਦੋਨੋਂ ਹੀ ਪਾਰਟੀਆਂ ਵੱਲੋਂ ਆਪਣੀਆਂ –ਆਪਣੀਆਂ ਰੈਲੀਆਂ ‘ਚ ਵੱਧ ਇਕੱਠ ਹੋਣ ਦਾ ਦਾਅਵਾ ਕੀਤਾ ਗਿਆ।

ਪੰਜਾਬ ‘ਚ ਸਰਗਰਮ ਇਹ ਦੋਨੋਂ ਪਾਰਟੀਆਂ ਨੇ ਲੋਕਾਂ ਨੂੰ ਆਪਣੇ ਨਾਲ ਜੋੜਨ ਲਈ ਯਤਨ ਤਾਂ ਤੇਜ਼ੀ ਨਾਲ ਵਿੱਢ ਦਿੱਤੇ ਹਨ ਪਰ ਇੱਥੇ ਇਹ ਵੀ ਗੱਲ ਜ਼ਿਕਰਯੋਗ ਹੈ ਕਿ ਭਾਵੇਂ ਅਕਾਲੀ ਦਲ ਪੰਚਾਇਤੀ ਚੋਣਾਂ ਅਤੇ ਨਗਰ ਕੌਂਸਲ ਚੋਣਾਂ ‘ਚ ਜੇਤੂ ਰਹੇ ਹਨ ਅਤੇ ਪਿੱਛਲੀਆਂ ਲੋਕ ਸਭਾ ਚੋਣਾਂ ‘ਚ ਵੀ ਪੰਜਾਬ ਦੀ ਸਿਆਸਤ ‘ਚ ਅਕਾਲੀ ਅਤੇ ਭਾਜਪਾ ਨੇ ਹੂੰਝਾ ਫੇਰ ਸੀਟਾਂ ਜਿੱਤੀਆਂ ਸਨ ਪਰ 2007 ‘ਚ ਵਿਧਾਨ ਸਭਾ ਚੋਣਾਂ ‘ਚ ਕਾਂਗਰਸੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਗੜ੍ਹ ਕਹੇ ਜਾਣ ਵਾਲੇ ਮਾਲਵੇ ‘ਚ ਸੀਟਾਂ ‘ਤੇ ਜਿੱਤ ਪ੍ਰਾਪਤ ਕਰਕੇ ਕਾਫ਼ੀ ਪ੍ਰਭਾਵ ਦਿਖਾਇਆ ਸੀ।

ਇਸ ਤੋਂ ਇਲਾਵਾ ਸਿਆਸਤ ‘ਚ ਦਿਲਚਸਪੀ ਰੱਖਣ ਵਾਲਿਆਂ ‘ਚ ਇਹ ਵੀ ਚਰਚਾ ਹੈ ਕਿ 2008 ‘ਚ ਨਗਰ ਕੌਂਸਲ ਅਤੇ ਪੰਚਾਇਤੀ ਚੋਣਾਂ ਜਿਸ ਢੰਗ ਨਾਲ ਅਕਾਲੀ ਦਲ ਨੇ ਜਿੱਤੀਆਂ ਸਨ,ਉਸ ਨਾਲ ਉਹਨਾਂ ਦਾ ਕੱਦ ਬੁੱਤ ਛੋਟਾ ਹੀ ਹੋਇਆ ਹੈ,ਵੱਡਾ ਨਹੀਂ ਕਿਉਂਕਿ ਅਖਬਾਰਾ ਦੀਆਂ ਸੁਰਖੀਆਂ ਅਤੇ ਆਮ ਲੋਕਾਂ ਦੀ ਰਾਏ ‘ਚ ਇਸ ਵਿੱਚ ਅੰਨ੍ਹੇਵਾਹ ਧਾਂਦਲੀ ਕੀਤੀ ਗਈ ਸੀ।ਇਸ ਲਈ ਇਸ ਨੂੰ ਪਾਪੂਲਰ ਚੋਣ ਨਹੀਂ ਕਿਹਾ ਜਾ ਸਕਦਾ।

ਜਿੱਥੇ ਲੰਬੀ ‘ਚ ਹੋਈ ਰੈਲੀ ‘ਚ ਕੈਪਟਨ ਅਮਰਿੰਦਰ ਸਿੰਘ ਨੇ ਮੌਜੂਦਾ ਮੁੱਖਮੰਤਰੀ ਸ੍ਰ.ਪ੍ਰਕਾਸ਼ ਸਿੰਘ ਬਾਦਲ ਨੂੰ ਕੋਸਿਆ ਅਤੇ ਪੰਜਾਬ ਦੇ ਵਿਕਾਸ ‘ਚ ਕਾਂਗਰਸ ਦੀ ਦੇਣ ਦਾ ਪ੍ਰਗਟਾਵਾ ਕੀਤਾ,ਉੱਥੇ ਹੀ ਅਕਾਲੀਆਂ ਦੀ ਰੈਲੀ ‘ਚ ਲੰਬੀ ਵਿਖੇ ਹੋਈ ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰੈਲੀ ਦਾ ਹੀ ਜ਼ਿਕਰ ਜ਼ਿਆਦਾ ਹੋਇਆ ਅਤੇ ਜ਼ਿਆਦਾਤਰ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲੰਬੀ ਦੀ ਰੈਲੀ ਦਾ ਜ਼ਿਕਰ ਕਰਦੇ ਹੀ ਕੋਸਦੇ ਰਹੇ,ਜਿਸ ਤੋਂ ਲੰਬੀ ਰੈਲੀ ਕਾਰਣ ਅਕਾਲੀ ਦਲ ਖੇਮੇ ‘ਚ ਬੁਖਲਾਹਟ ਨਜ਼ਰ ਆ ਰਹੀ ਸੀ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਹਲਕਾ ਬਠਿੰਡਾ ‘ਚ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਵੱਡੇ ਥਰਮਲ ਪਲਾਂਟ ਦਾ ਉਦਘਾਟਨ ਕਰਕੇ ਮਾਲਵੇ ਦੇ ਲੋਕਾਂ ਨੂੰ ਤਾਂ ਖੁਸ਼ ਕਰ ਲਿਆ ਗਿਆ ਹੈ ਕਿਉਂਕਿ ਪਹਿਲਾਂ ਹੀ ਮਾਲਵੇ ‘ਚ ਚਾਰ-ਪੰਜ ਥਰਮਲ ਪਲਾਂਟ ਹਨ ਪਰ ਸਿਆਸੀ ਗਲਿਆਰਿਆਂ ‘ਚ ਇਹ ਵੀ ਜਰੂਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਚੰਗਾ ਹੁੰਦਾ,ਜੇਕਰ ਇੱਕ ਵੱਡਾ ਥਰਮਲ ਪਲਾਂਟ ਮਾਝੇ ਜਾਂ ਦੁਆਵੇ ‘ਚ ਲਾਇਆ ਜਾਂਦਾ।

ਸਿਆਸੀ ਗਲਿਆਰਿਆਂ ‘ਚ ਇਹ ਵੀ ਆਮ ਚਰਚਾ ਹੈ ਕਿ ਇੱਕ ਪਾਸੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਸ੍ਰ.ਪ੍ਰਕਾਸ਼ ਸਿੰਘ ਬਾਦਲ,ਜੋ ਕਿ ਰਾਜਨੀਤੀ ‘ਚ ਇੱਕ ਵਿਲੱਖਣ ਪਹਿਚਾਣ ਰੱਖਦੇ ਹਨ ਅਤੇ ਉਨ੍ਹਾ ਮੁੱਖਮੰਤਰੀ ਬਣ ਪੰਜਾਬ ‘ਚ ਚੌਥੀ ਵਾਰ ਸੱਤਾ ਸੰਭਾਲੀ ਹੈ ਅਤੇ ਉੱਤਰੀ ਭਾਰਤ ਦੇ ਲੋਕ ਉਨ੍ਹਾ ਦਾ ਆਦਰ ਵੀ ਕਰਦੇ ਹਨ ਪਰ ਜਦ ਤੋਂ ਪੰਜਾਬ ‘ਚ ਸੁਖਬੀਰ ਸਿੰਘ ਬਾਦਲ ਫੀਲਡ ‘ਚ ਆਏ ਹਨ,ਉਦੋਂ ਤੋਂ ਸ਼੍ਰੋਮਣੀ ਅਕਾਲ ਦਲ (ਬ) ਪਾਰਟੀ ਦਾ ਅਕਸ ਕੁੱਝ ਧੁੰਦਲਾ ਹੀ ਪਿਆ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਆਪਣੇ ਪਿਤਾ ਸ੍ਰ.ਬਾਦਲ ਵਾਂਗੂ ਚੰਗਾ ਪ੍ਰਭਾਵ ਨਹੀਂ ਪਾ ਸਕੇ,ਜੇਕਰ ਇਹ ਵੀ ਕਿਹਾ ਜਾਵੇ ਕਿ ਉਨ੍ਹਾ ਆਪਣੇ ਪਿਤਾ ਦਾ ਪ੍ਰਭਾਵ ਘਟਾਇਆ ਹੈ ਤਾਂ ਕੋਈ ਗੱਲਤ ਨਹੀਂ ਹੋਵੇਗਾ।

ਇਸ ਤੋਂ ਇਲਾਵਾ ਇਹ ਜ਼ਿਕਰਯੋਗ ਹੈ ਕਿ ਰੈਲੀ ‘ਚ ਜਿੱਥੇ ਅਕਾਲੀ ਦਲ ਦੇ ਸਾਰੇ ਲੀਡਰ ਮੌਜੂਦ ਸਨ,ਉੱਥੇ ਹੀ ਸ਼੍ਰ.ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਖਜ਼ਾਨਾ ਅਤੇ ਯੋਜਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਦਾਮਾਦ ਸ੍ਰ. ਆਦੇਸ਼ ਪ੍ਰਤਾਪ ਸਿੰਘ ਕੈਰੋਂ ਨਜ਼ਰ ਨਹੀ ਆਏ,ਜੋ ਕਿ ਚਰਚਾ ਦਾ ਵਿਸ਼ਾ ਬਣੇ ਹੋਏ ਹਨ ਅਤੇ ਇਹ ਗੱਲ ਸ਼੍ਰੋਮਣੀ ਅਕਾਲੀ ਦਲ (ਬ) ਪਾਰਟੀ ਲਈ ਕੋਈ ਚੰਗਾ ਇਸ਼ਾਰਾ ਨਹੀਂ ਕਰ ਰਹੀ।

ਓਧਰ ਜੇਕਰ ਦੇਖਿਆ ਜਾਵੇ ਤਾਂ ਪਿੱਛਲੇ ਪੰਜ ਸਾਲ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਹਕੂਮਤ ਸੀ ਤਾਂ ਉਸ ਵੇਲੇ ਉਹ ਆਮ ਲੋਕਾਂ ‘ਚ ਆਪਣਾ ਜ਼ਿਆਦਾ ਪ੍ਰਭਾਵ ਨਹੀਂ ਬਣਾ ਸਕੇ ਸੀ ਕਿਉਂਕਿ ਉਸ ਸਮੇਂ ਆਮ ਲੋਕ ਖਾਸ ਕਰ ਕਾਂਗਰਸੀ ਵਰਕਰਾਂ ਅਤੇ ਲੀਡਰਾਂ ਨੂੰ ਇਹ ਗਿਲਾ ਰਹਿੰਦਾ ਸੀ ਕਿ ਕੈਪਟਨ ਸਾਹਿਬ ਨੂੰ ਮਿਲਣਾ ਬੜਾ ਦੁਸ਼ਵਾਰ ਹੈ ਅਤੇ ਵਰਕਰਾਂ ‘ਤੇ ਲੀਡਰਾਂ ਦੀ ਕੈਪਟਨ ਸਾਹਿਬ ਲਈ ਕੋਈ ਮਹੱਤਤਾ ਨਹੀਂ ਹੈ,ਜਿਸ ਕਾਰਣ ਉਨ੍ਹਾਂ ਨੂੰ ਖਮਿਆਜ਼ਾ ਭੁਗਤਣਾ ਪਿਆ ਸੀ।ਇਹ ਗੱਲ ਜਰੂਰ ਲੋਕਾਂ ਨੂੰ ਖਟਕਦੀ ਰਹੇਗੀ,ਫ਼ਿਰ ਵੀ ਇਸ ਵਾਰ ਦੁਆਰਾ ਸੱਤਾ ‘ਚ ਆਉਣ ਲਈ ਉਹ ਇਸ ਗੱਲ ‘ਤੇ ਜਰੂਰ ਧਿਆਨ ਦੇਣਗੇ।

ਚਾਹੇ ਕੁੱਝ ਵੀ ਹੋਵੇ ਫਿਲਹਾਲ ਇੱਥੇ ਇੱਕ ਗੱਲ ਤਾਂ ਸਪੱਸ਼ਟ ਹੋ ਗਈ ਹੈ ਕਿ ਆਉਂਦੀਆਂ ਲੋਕਸਭਾ ਚੋਣਾਂ ‘ਚ ਦੋਨੋਂ ਹੀ ਪਾਰਟੀਆਂ ਦਾ ਕੇਂਦਰ ਬਿੰਦੂ ਪੰਜਾਬ ‘ਚ ਮਾਲਵਾ ਹੀ ਹੋਵੇਗਾ ਅਤੇ ਲੀਡਰਾਂ ਵੱਲੋਂ ਮਾਲਵਾ ਦੇ ਲੋਕਾਂ ਨੂੰ ਭਰਮਾਉਣ ਲਈ ਵੱਧ ਤੋਂ ਵੱਧ ਯਤਨ ਕੀਤੇ ਜਾਣਗੇ,ਜਿੱਥੇ ਕੈਪਟਨ ਅਮਰਿੰਦਰ ਸਿੰਘ ਜ਼ਿਆਦਾਤਰ ਲੋਕਾਂ ‘ਚ ਵਿਚਰਕੇ ਆਪਣਾ ਪ੍ਰਭਾਵ ਕਾਇਮ ਕਰਨ ਲਈ ਪੂਰਾ ਜ਼ੋਰ ਲਾਉਣਗੇ,ਉੱਥੇ ਹੀ ਮਾਲਵੇ ‘ਚ ਪਹਿਲਾਂ ਅਸੈਂਬਲੀ ਇਲੈਕਸ਼ਨ ‘ਚ ਠਿੱਬੀ ਖਾ ਬੈਠੇ ਸ਼੍ਰੋਮਣੀ ਅਕਾਲੀ ਦਲ (ਬ) ਵੀ ਹੁਣ ਆਪਣੀ ਹੋਂਦ ਨੂੰ ਫ਼ਿਰ ਬਨਾਉਣ ਦੀ ਪੂਰੀ ਕੋਸ਼ਿਸ ਕਰਨਗੇ।



ਅਸਵੀਕਰਨ