ਕਾਂਗਰਸ ਹਾਈਕਮਾਨ
ਕਾਂਗਰਸ ਕੌਮੀ ਜਨਰਲ ਸਕੱਤਰ ਰਾਹੁਲ ਗਾਂਧੀ 22 ਸਤੰਬਰ ਤੋਂ ਪੰਜਾਬ ਦੇ ਤਿੰਨ ਦਿਨਾ ਦੌਰੇ ‘ਤੇ ਆ ਰਹੇ ਹਨ,ਜਿਸ ਕਾਰਣ ਉਨ੍ਹਾ ਦੇ ਦੌਰੇ ਨੂੰ ਲੈ ਕੇ ਇੱਥੋਂ ਦੇ ਵਰਕਰ ਵੀ ਪੱਬਾਂ ਭਾਰ ਹੋ ਗਏ ਹਨ ਅਤੇ ਉਨ੍ਹਾ ਨੂੰ ਇੱਕ ਵਾਰ ਫ਼ਿਰ ਉਮੀਦਾਂ ਜਾਗੀਆਂ ਹਨ ਕਿ ਹੁਣ ਕਾਂਗਰਸ ਦੇ ਮਾੜੇ ਦਿਨਾਂ ਦਾ ਅੰਤ ਹੋ ਜਾਵੇਗਾ।ਲੋਕਾਂ ਦੁਆਰਾ ਫ਼ਿਰ ਕਾਂਗਰਸੀਆਂ ਪ੍ਰਤਿ ਅਵਾਜ਼ ਉੱਠਣ ਲੱਗੇਗੀ।
ਜੇ ਪਿੱਛੇ ਝਾਤੀ ਮਾਰੀ ਜਾਵੇ ਤਾਂ ਪੰਜਾਬ ‘ਚ ਕੈਪਟਨ ਅਤੇ ਭੱਠਲ ਦੀ ਆਪਸੀ ਖਿੱਚੋਤਾਣ ਕਾਰਣ ਪੰਜਾਬ ‘ਚ ਕਾਂਗਰਸ ਪਹਿਲਾਂ ਜ਼ਿਆਦਾ ਮਜ਼ਬੂਤੀ ਨਹੀਂ ਫੜ੍ਹ ਰਹੀ ਸੀ,ਜਿਸ ਕਾਰਣ ਕਾਂਗਰਸੀਆਂ ਨੂੰ ਪੰਜਾਬ ‘ਚ ਨਗਰ ਕੌਂਸਲ ਚੌਣਾਂ,ਪੰਚਾਇਤੀ ਚੌਣਾਂ ‘ਚ ਹਾਰ ਦਾ ਮੂੰਹ ਦੇਖਣਾ ਪਿਆ ਸੀ ਅਤੇ ਕਾਂਗਰਸ ਹਾਈਕਮਾਨ ਲਈ ਵੀ ਪੰਜਾਬ ਦੇ ਇਨ੍ਹਾ ਦੋਨਾਂ ਲੀਡਰਾਂ ਦੀ ਆਪਸੀ ਖਿੱਚੋਤਾਣ ਕਾਫ਼ੀ ਸਿਰਦਰਦੀ ਬਣੀ ਹੋਈ ਸੀ।ਹਾਈਕਮਾਨ ਨੇ ਪੰਜਾਬ ਦੀ ਰਾਜਨੀਤੀ ‘ਚ ਅਚਾਨਕ ਬਦਲਾਅ ਕਰ ਪ੍ਰਚਾਰ ਕਮੇਟੀ ਦਾ ਚੇਅਰਮੈਨ ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬਣਾ ਦਿੱਤਾ,ਜਿਸ ਨਾਲ ਪੰਜਾਬ ਦੇ ਕਾਂਗਰਸੀ ਵਰਕਰਾਂ ‘ਚ ਇੱਕ ਨਵੀਂ ਰੂਹ ਫੂਕੀ ਗਈ ਅਤੇ ਚੋਣ ਪ੍ਰਚਾਰ ਦਾ ਕੰਮ ਕਾਫ਼ੀ ਤੇਜ਼ੀ ਨਾਲ ਸ਼ੁਰੂ ਹੋ ਗਿਆ।
ਕੈਪਟਨ ਨੇ ਇੱਕ ਵਾਰ ਫ਼ਿਰ ਪੰਜਾਬ ਦੀ ਸਿਆਸਤ ‘ਚ ਹੀਰੋ ਦੀ ਤਰ੍ਹਾ ਵਾਪਸੀ ਕੀਤੀ ਸੀ,ਜਿਸ ਨਾਲ ਸ਼੍ਰੋਮਣੀ ਅਕਾਲੀ ਦਲ (ਬ) ਦੇ ਖੇਮੇ ‘ਚ ਵੀ ਕਾਫ਼ੀ ਹੱਲਚਲ ਮੱਚੀ ਸੀ।ਸ੍ਰ.ਪ੍ਰਕਾਸ਼ ਸਿੰਘ ਬਾਦਲ ਦੇ ਪਿੰਡ ਲੰਬੀ ਤੋਂ ਆਪਣੀ ਪਹਿਲੀ ਚੋਣ ਪ੍ਰਚਾਰ ਰੈਲੀ ਕਰ ਕੈਪਟਨ ਨੇ ਸ਼੍ਰੋਮਣੀ ਅਕਾਲੀ ਦਲ ਲਈ ਆਉਣ ਵਾਲੇ ਸਮੇਂ ‘ਚ ਕਾਫ਼ੀ ਮੁਸ਼ਕਿਲਾਂ ਖੜ੍ਹੀਆਂ ਕਰਨ ਦੇ ਸੰਕੇਤ ਵੀ ਦੇ ਦਿੱਤੇ ਸਨ।
ਹਾਲੇ ਕੈਪਟਨ ਨੇ ਬਾਦਲ ਖਿਲਾਫ਼ ਸਿਆਸੀ ਜੰਗ ਸ਼ੁਰੂ ਕੀਤੀ ਹੀ ਸੀ ਕਿ ਸ੍ਰ.ਪ੍ਰਕਾਸ਼ ਸਿੰਘ ਬਾਦਲ ਨੇ ਵੀ ਪਾਸਾ ਪਲਟਦਿਆਂ ਉਨ੍ਹਾ ਨੂੰ ਅਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਘੋਟਾਲੇ ਦੇ ਮਾਮਲੇ ‘ਚ ਉਲਝਾ ਦਿੱਤਾ ਅਤੇ ਵਿਧਾਨ ਸਭਾ ‘ਚ ਮੈਂਬਰੀਂ ਤੋਂ ਖਾਰਜ ਕਰ ਦਿੱਤਾ ਅਤੇ ਉਸ ਦੀ ਸੀਟ ਖਾਲੀ ਐਲਾਣੀ ਗਈ,ਜਿਸ ਨਾਲ ਕਾਂਗਰਸ ਖੇਮੇ ‘ਚ ਇੱਕ ਵਾਰ ਫ਼ਿਰ ਨਿਰਾਸ਼ਾ ਆ ਗਈ ਸੀ।
ਕੈਪਟਨ ਅਮਰਿੰਦਰ ਸਿੰਘ ਵੀ ਇਲਾਜ ਕਰਵਾਉਣ ਵਿਦੇਸ਼ ਚੱਲੇ ਗਏ ਸਨ ਅਤੇ ਕਾਂਗਰਸ ‘ਚ ਵੀ ਖਾਮੋਸ਼ੀ ਦਿੱਖਣ ਲੱਗੀ ਪਰ ਜਦੋਂ ਰਾਹੁਲ ਗਾਂਧੀ ਪੰਜਾਬ ਦੇ ਦੌਰੇ ‘ਤੇ ਆ ਰਹੇ ਹਨ ਤਾਂ ਉਹ ਉਨ੍ਹਾ ਦੇ ਦੌਰੇ ਦੌਰਾਨ ਆਪਣੀ ਗੈਰ ਹਾਜ਼ਰੀ ਨਹੀਂ ਲਗਵਾਉਣਾ ਚਾਹੁੰਦੇ ਅਤੇ 23 ਸਤੰਬਰ ਨੂੰ ਉਹ ਰਾਹੁਲ ਗਾਂਧੀ ਨਾਲ ਪੰਜਾਬ ਦੀਆਂ ਰੈਲੀਆਂ ‘ਚ ਸ਼ਾਮਲ ਹੋ ਕੇ ਦੁਆਰਾ ਸਿਆਸਤ ‘ਚ ਸਰਗਰਮੀਆ ਕਰ ਸਿਆਸਤ ਨੂੰ ਗਰਮਾਉਣ ਦੀ ਕੋਸ਼ਿਸ ‘ਚ ਲੱਗੇ ਗਏ ਹਨ।ਜਿਸ ਨਾਲ ਪੰਜਾਬ ਦੀ ਰਾਜਨੀਤੀ ‘ਚ ਹੁਣ ਹੋਰ ਉਬਾਲ ਆਉਣ ਦੀਆਂ ਸੰਭਾਵਨਾ ਵੱਧ ਗਈਆਂ ਹਨ।
ਸਿਆਸੀ ਗਲਿਆਰਿਆਂ ‘ਚ ਇਹ ਵੀ ਚਰਚਾ ਹੈ ਕਿ ਗਾਂਧੀ ਪਰਿਵਾਰ ‘ਚੋਂ ਕਾਫ਼ੀ ਸਮੇਂ ਬਾਅਦ ਕਾਂਗਰਸ ਨੇਤਾ ਵੱਜੋਂ ਰਾਹੁਲ ਗਾਂਧੀ ਪਹਿਲੀ ਵਾਰ ਚੋਣ ਪ੍ਰਚਾਰ ਲਈ ਪੰਜਾਬ ਦੌਰੇ ‘ਤੇ ਆ ਰਹੇ ਹਨ ਅਤੇ ਪੰਜਾਬ ਦੇ ਲੋਕ ਭਾਵੇਂ ਕੁੱਝ ਸਿਆਸੀ ਕਾਰਣਾਂ ਕਾਰਣ ਗਾਂਧੀ ਪਰਿਵਾਰ ਨਾਲ ਨਰਾਜ਼ ਹਨ ਪਰ ਅੱਜ ਵੀ ਉਹ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ,ਇੰਦਰਾ ਗਾਂਧੀ,ਰਾਜੀਵ ਗਾਂਧੀ ਦੁਆਰਾ ਕੀਤੇ ਕੁੱਝ ਕੰਮਾਂ ਕਾਰਣ ਉਨ੍ਹਾ ਨੂੰ ਕਾਫ਼ੀ ਚੰਗਾ ਮੰਨਦੇ ਹਨ ਅਤੇ ਹਾਲੇ ਵੀ ਮੰਨਿਆ ਜਾਂਦਾ ਹੈ ਕਿ ਲੋਕਾਂ ‘ਤੇ ਉਨ੍ਹਾ ਕਾਫ਼ੀ ਪ੍ਰਭਾਵ ਹੈ ਕਿਉਂਕਿ ਭਾਰਤ ਦੇ ਇਤਿਹਾਸ ‘ਚ ਜੇਕਰ ਦੇਖਿਆ ਜਾਵੇ ਤਾਂ ਸਿੱਖ ਅਹੁਦਿਆਂ ‘ਤੇ ਸਿੱਖਾਂ ਨੂੰ ਮਿਲਿਆ ਮਾਣ ਕਾਂਗਰਸ ਦੀ ਹੀ ਦੇਣ ਹੈ।
ਜਿਵੇਂ ਭਾਰਤ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ,ਜੇ.ਜੇ.ਸਿੰਘ ਸੈਨਾ ਮੁੱਖੀ,ਸ੍ਰ.ਬਲਦੇਵ ਸਿੰਘ ਡਿਫੈਂਸ ਮਨੀਸਟਰ,ਮਾਰਸ਼ਲ ਆਫ਼ ਦ ਏਅਰ ਫ਼ੋਰਸ ਅਰਜਨ ਸਿੰਘ ਅਤੇ ਮੌਜੂਦਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਵੀ ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਬਣਾ ਕੇ ਸਿੱਖਾਂ ਦਾ ਮਾਣ ਵਧਾਇਆ ਹੈ,ਜਿਸ ਕਾਰਣ ਮੰਨਿਆ ਜਾਂਦਾ ਹੈ ਕਿ ਜਿੱਥੇ ਰਾਹੁਲ ਗਾਂਧੀ ਨੂੰ ਪੰਜਾਬ ‘ਚ ਇਨ੍ਹਾ ਕਾਰਣਾਂ ਕਾਰਣ ਲੋਕਾਂ ਦਾ ਕਾਫ਼ੀ ਪਿਆਰ ਮਿਲੇਗਾ,ਉੱਥੇ ਹੀ ਰਾਹੁਲ ਗਾਂਧੀ ਦੇ ਆਉਣ ਨਾਲ ਪੰਜਾਬ ਦੀ ਨੌਜਵਾਨ ਪੀੜ੍ਹੀ ਵੀ ਕਾਂਗਰਸ ਵੱਲ ਰੁੱਖ ਕਰ ਸਕਦੀ ਹੈ ਅਤੇ ਉਹ ਵੀ ਕਾਂਗਰਸ ‘ਚ ਨੌਜਵਾਨਾਂ ਨੂੰ ਆਉਣ ਲਈ ਜ਼ਿਆਦਾ ਹੱਲਾ ਸ਼ੇਰੀ ਦੇਣ ਲਈ ਜ਼ੋਰ ਲਗਾਉਣਗੇ,ਇਹ ਵੀ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਉਨ੍ਹਾ ਦੇ ਇਸ ਦੌਰੇ ਬਾਅਦ ਪੰਜਾਬ ‘ਚ ਜਲਦ ਕਾਂਗਰਸ ਮਜ਼ਬੂਤੀ ਫੜ੍ਹ ਸਕਦੀ ਹੈ।
ਇਸ ਤੋਂ ਇਲਾਵਾ ਰਾਹੁਲ ਗਾਂਧੀ ਜਿੱਥੇ ਇਸ ਦੌਰੇ ਦੌਰਾਨ ਪੰਜਾਬ ‘ਚ ਕਾਂਗਰਸੀ ਸਥਿੱਤੀ ਬਾਰੇ ਜਾਇਜ਼ਾ ਲੈਣਗੇ,ਉੱਥੇ ਹੀ ਸਾਬਕਾ ਕੈਪਟਨ ਅਮਰਿੰਦਰ ਸਿੰਘ ਜਾਂ ਹੋਰ ਕਾਂਗਰਸੀ ਲੀਡਰ ਉਨ੍ਹਾ ਕੋਲ ਅਕਾਲੀਆਂ ਦੁਆਰਾ ਕੀਤੀ ਧੱਕੇਸ਼ਾਹੀ ਜਾਂ ਮਾਮਲਿਆਂ ਨੂੰ ਲੈ ਕੇ ਵੀ ਜਰੂਰ ਆਪਣੇ ਦੁੱਖੜੇ ਰੱਖਣਗੇ।ਇਸ ਨਾਲ ਜਿੱਥੇ ਰਾਹੁਲ ਗਾਂਧੀ ਪੰਜਾਬ ਦੇ ਹਾਲਾਤਾਂ ਦਾ ਜਾਇਜ਼ਾ ਲੈ ਲੈਣਗੇ ਉੱਥੇ ਹੀ ਕੈਪਟਨ ਨੂੰ ਵੀ ਕੇਂਦਰ ਵੱਲੋਂ ਨਰਮ ਰਵੱਈਆ ਅਪਣਾ ਲੈਣ ਦੇ ਅਸਾਰ ਵੱਧ ਜਾਣਗੇ।
ਸਿਆਸੀ ਗਲਿਆਰਿਆ ‘ਚ ਇਹ ਤਾਂ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਉਨ੍ਹਾ ਦੇ ਆਉਣ ਨਾਲ ਉਨ੍ਹਾ ਇੱਥੋਂ ਦੇ ਲੋਕਾਂ ਦਾ ਕਾਫ਼ੀ ਪਿਆਰ ਮਿਲਣ ਦੀਆਂ ਸੰਭਾਵਨਾਵਾਂ ਹਨ ਪਰ ਕੀ ਉਨ੍ਹਾ ਦੇ ਆਉਣ ਨਾਲ ਪੰਜਾਬ ਕਾਂਗਰਸ ਦਾ ਵੋਟ ਬੈਂਕ ਬਣੇਗਾ,ਇਸ ਉੱਤੇ ਹਾਲੇ ਆਸ਼ੰਕਾ ਹੀ ਜਤਾਈ ਜਾ ਰਹੀ ਹੈ ਕਿਉਂਕਿ ਜੇਕਰ ਪਿੱਛੇ ਝਾਤੀ ਮਾਰੀ ਜਾਵੇ ਤਾਂ ਉੱਤਰਪ੍ਰਦੇਸ਼ ‘ਚ ਵੀ ਰਾਹੁਲ ਗਾਂਧੀ ਪ੍ਰਚਾਰ ਦੌਰਿਆਂ ‘ਤੇ ਜਾਂਦੇ ਹਨ ਅਤੇ ਉਨ੍ਹਾ ਲੋਕਾਂ ਦਾ ਵੀ ਉਨ੍ਹਾ ਕਾਫ਼ੀ ਪਿਆਰ ਮਿਲਦਾ ਹੈ ਪਰ ਚੋਣਾਂ ‘ਚ ਉਨ੍ਹਾ ਨੂੰ ਉੱਥੇ ਲੋਕਾਂ ਦੇ ਵੋਟ ਨਹੀਂ ਮਿਲਦੇ। ਖੈਰ,ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪੰਜਾਬ ਅਤੇ ਯੂਪੀ ਦੀ ਜ਼ਮੀਨੀ ਸੱਚਾਈ ਵੱਖਰੀ-ਵੱਖਰੀ ਹੈ,ਯੂਪੀ ਵਿੱਚ ਜਾਤੀਵਾਦ ਕਾਫ਼ੀ ਭਾਰੂ ਹੈ।
ਖੈਰ,ਰਾਹੁਲ ਗਾਂਧੀ ਹਾਲੇ ਪੰਜਾਬ ਦੌਰਿਆਂ ‘ਤੇ ਆ ਰਹੇ ਹਨ ਅਤੇ ਉਨ੍ਹਾ ਦੀ ਰਾਮਪੁਰਾ ਫੂਲ ਦੀ ਰੈਲੀ ਨੂੰ ਬਾਦਲ ਸਰਕਾਰ ਦੁਆਰਾ ਸੁਰੱਖਿਆ ਕਾਰਣਾਂ ਨੂੰ ਦੱਸਦੇ ਮੰਜ਼ੂਰੀ ਨਾ ਮਿਲਣ ਕਾਰਣ ਰੱਦ ਕਰ ਦਿੱਤੀ ਗਈ।ਫ਼ਿਰ ਵੀ ਸਿਆਸੀ ਰਾਜਨੀਤਿਕ ਇਸ ਰਾਹੁਲ ਦੌਰੇ ਨੂੰ ਕਾਫ਼ੀ ਗੌਹ ਨਾਲ ਦੇਖ ਰਹੇ ਹਨ ਅਤੇ ਹਰ ਕਿਸੇ ਦੇ ਦਿਮਾਗ ‘ਚ ਇਹ ਸੁਆਲ ਉੱਪਜ ਰਹੇ ਹਨ ਕਿ ਗਾਂਧੀ ਪਰਿਵਾਰ ‘ਚੋਂ ਰਾਹੁਲ ਦੇ ਆਉਣ ਨਾਲ ਕਾਂਗਰਸ ਨੂੰ ਪੰਜਾਬ ‘ਚ ਹੋਰ ਮਜ਼ਬੂਤੀ ਮਿਲੇਗੀ? ਕੀ ਪੰਜਾਬ ਦੇ ਲੋਕ ਰਾਹੁਲ ਗਾਂਧੀ ਦੇ ਦੌਰੇ ਨਾਲ ਕਾਂਗਰਸ ਵੱਲ ਖਿੱਚੇ ਜਾਣਗੇ,ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਲੋਡ ਹੋ ਰਿਹਾ ਹੈ...