Welcome, Guest   [ Register | Sign In | Take a tour | Adult Filter: On ]

ਸਬਸੀਡੀਆਂ ਨੂੰ ਲੈ ਕੇ ਅਕਾਲੀ ਦਲ 'ਚ ਮੱਤਭੇਦ

ਸ਼੍ਰੋਮਣੀ ਅਕਾਲੀ ਦਲ (ਬ) ਪਾਰਟੀ ਪੰਜਾਬ ਦੀ ਸਿਆਸਤ 'ਚ ਚੰਗਾ ਰੁੱਤਬਾ ਰੱਖਦੀ ਹੈ ਅਤੇ ਪਾਰਟੀ ਦੇ ਮੁੱਖੀ ਸ੍ਰ.ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਉੱਤਰੀ ਭਾਰਤ 'ਚ ਇੱਕ ਚੰਗੇ,ਦੂਰ ਦ੍ਰਿਸ਼ਟੀ ਅਤੇ ਸੁਲਝੇ ਹੋਏ ਨੇਤਾ ਵੱਜੋਂ ਸਤਿਕਾਰਿਆ ਜਾਂਦਾ ਹੈ ਪਰ ਪਾਰਟੀ 'ਚ ਲਏ ਜਾਂਦੇ ਇੱਕ ਪਾਸੜ ਫੈਸਲਿਆਂ ਕਾਰਣ ਹਮੇਸ਼ਾ ਪਾਰਟੀ 'ਚ ਫੁੱਟ ਦੀ ਸੰਭਾਵਨਾ ਬਣੀ ਰਹੀ ਹੈ,ਚਾਹੇ ਲੀਡਰਾਂ ਵੱਲੋਂ ਖੁਲ੍ਹ ਕੇ ਕਈ ਮਸਲਿਆਂ 'ਤੇ ਵਿਰੋਧ ਨਹੀਂ ਕੀਤਾ ਜਾਂਦਾ ਪਰ ਇਹ ਤਾਂ ਜੱਗ ਜਾਹਿਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ 'ਚ ਕਈ ਅਕਾਲੀ ਸੀਨੀਅਰ ਲੀਡਰ ਅੰਦਰੋ-ਅੰਦਰੀ ਘੁੱਟਦੇ ਰਹੇ ਹਨ ਅਤੇ ਪਾਰਟੀ ਦੀਆਂ ਕਈ ਨੀਤੀਆਂ ਦਾ ਦੱਬੀ ਜ਼ੁਬਾਨ 'ਚ ਵਿਰੋਧ ਕਰਦੇ ਰਹੇ ਹਨ ਅਤੇ ਜਦੋਂ-2 ਵੀ ਕਿਸੇ ਨੇ ਖੁਲ੍ਹ ਕੇ ਵਿਰੋਧ ਕਰਨ ਦੀ ਕੋਸ਼ਿਸ ਕੀਤੀ ਹੈ ਤਾਂ ਸ੍ਰ.ਪ੍ਰਕਾਸ਼ ਸਿੰਘ ਬਾਦਲ ਵੀ ਸਖਤ ਲਹਿਜ਼ੇ 'ਚ ਆਉਂਦੇ ਰਹੇ ਹਨ।

ਇਸ ਦੀ ਮਿਸਾਲ ਤਾਂ ਪਿੱਛਲੇ ਦਿਨ੍ਹੀ ਦੇਖਣ ਨੂੰ ਮਿਲੀ,ਜਦੋਂ ਪੰਜਾਬ ਦੇ ਖਜ਼ਾਨਾ ਮੰਤਰੀ ਸ੍ਰ.ਮਨਪ੍ਰੀਤ ਸਿੰਘ ਬਾਦਲ ਦੁਆਰਾ ਸਾਲ 'ਚ ਕਰੋੜਾਂ ਰੁੱਪਏ ਦੀਆਂ ਦਿੱਤੀਆਂ ਜਾ ਰਹੀਆਂ ਸਬਸੀਡੀਆਂ ਨੂੰ ਰੈਸ਼ਨਲਾਈਜ਼ ਕਰਨ ਦੇ ਪੱਖ 'ਚ ਬਿਆਨ ਦਿੱਤਾ ਅਤੇ ਉਨ੍ਹਾ ਦੇ ਖਿਆਲ 'ਚ ਸਬਸੀਡੀਆਂ ਦੇਣ ਸਮੇਂ ਖਜ਼ਾਨੇ ਵਿੱਚ ਪੈਸਿਆਂ ਦੀ ਗਿਣਤੀ ਮਿਣਤੀ ਦਾ ਵੀ ਹਿਸਾਬ ਲਾਉਣਾ ਚਾਹੀਦਾ ਹੈ ਅਤੇ ਉਨ੍ਹਾ ਦੀ ਸੋਚ ਵਿੱਚ ਸਬਸੀਡੀਆਂ ਜਰੂਰਤ ਤੋਂ ਵੱਧ ਦਿੱਤੀਆਂ ਜਾ ਰਹੀਆਂ ਹਨ,ਜਿਸ ਕਰਕੇ ਵਿੱਤੀ ਸੰਕਟ ਉੱਭਰਦਾ ਨਜ਼ਰ ਆ ਰਿਹਾ ਹੈ।

ਚਾਹੇ ਉਹ ਗਾਹੇ-ਬਗਾਹੇ ਵੀ ਸਬਸੀਡੀਆਂ ਨੂੰ ਰੈਸ਼ਨਲਾਈਜ਼ ਕਰਨ ਦੇ ਪੱਖ 'ਚ ਰਹੇ ਹਨ ਪਰੰਤੂ ਪਿੱਛਲੇ ਦਿਨ੍ਹੀ ਚੰਡੀਗੜ੍ਹ 'ਚ ਦਿੱਤੇ ਉਨ੍ਹਾ ਦੇ ਬਿਆਨ ਨਾਲ ਸ੍ਰ.ਪ੍ਰਕਾਸ਼ ਸਿੰਘ ਬਾਦਲ,ਜਿਹੜੇ ਕਿ ਬਹੁਤ ਨਰਮ ਸੁਭਾਅ ਦੇ ਹਨ,ਉਹ ਵੀ ਆਪਣੇ ਸੁਭਾਅ ਦੇ ਅਨੁਕੂਲ ਨਹੀਂ ਰਹਿ ਸਕੇ ਅਤੇ ਉਨ੍ਹਾ ਦੇ ਮੱਥੇ 'ਤੇ ਵੀ ਤਿਉੜੀਆਂ ਦਿਖਾਈ ਦਿੱਤੀਆਂ।ਉਨ੍ਹਾ ਵੀ ਮਨਪ੍ਰੀਤ ਬਾਦਲ ਦੇ ਬਿਆਨ ਤੋਂ ਬਾਅਦ ਬਿਆਨ ਦੇ ਦਿੱਤਾ ਕਿ ਪਾਰਟੀ ਦੀਆਂ ਨੀਤੀਆਂ ਦੇ ਵਿਰੁੱਧ ਬੋਲਣ ਦਾ ਕਿਸੇ ਨੂੰ ਅਧਿਕਾਰ ਨਹੀਂ ਹੈ।ਉਨ੍ਹਾ ਇਹ ਵੀ ਕਿਹਾ ਕਿ ਪਾਰਟੀ ਵੱਲੋਂ ਗਰੀਬਾਂ ਨੂੰ ਸਬਸੀਡੀਆਂ ਦੇ ਕੇ ਅਪਣਾਈਆਂ ਗਈਆਂ ਗਰੀਬ ਪੱਖੀ ਨੀਤੀਆਂ ਪੂਰ੍ਹੀ ਤਰ੍ਹਾਂ ਜਾਇਜ਼ ਹਨ ਅਤੇ ਇਹ ਸਬਸੀਡੀਆਂ ਜ਼ਾਰੀ ਰਹਿਣਗੀਆਂ।ਅਸੀਂ ਜਨਤਾ ਨਾਲ ਵਾਅਦੇ ਕੀਤੇ ਹਨ ਅਤੇ ਉਨ੍ਹਾ ਦੇ ਭਰੋਸੇ ਨੂੰ ਨਹੀਂ ਤੋੜ ਸਕਦੇ।ਉਨ੍ਹਾ ਇੱਥੇ ਇਹ ਵੀ ਸਪੱਸ਼ਟ ਕੀਤਾ ਕਿ ਸਬਸੀਡੀਆ,ਪੈਨਸ਼ਨਾ,ਮੁਫ਼ਤ ਬਿਜਲੀ,ਗਰੀਬਾਂ ਨੂੰ ਸਸਤਾ ਆਟਾ,ਦਾਲ,ਸ਼ਗਨ ਸਕੀਮਾ ਆਦਿ ਬਿਨ੍ਹਾ ਰੁੱਕੇ ਜ਼ਾਰੀ ਰਹਿਣਗੀਆਂ।

ਇਸ ਤੋਂ ਬਿਨ੍ਹਾ ਸਿਆਸੀ ਮਾਹਿਰਾਂ 'ਚ ਵੀ ਇਹ ਚਰਚਾ ਹੈ ਕਿ ਇੱਕ ਪਾਸੇ ਤਾਂ ਸਰਕਾਰ ਦੁਆਰਾ ਕਿਹਾ ਜਾਂਦਾ ਹੈ ਕਿ ਖਜ਼ਾਨਾ ਊਨਾ ਹੈ ਅਤੇ ਦੂਜੇ ਪਾਸੇ ਆਪਣਾ ਵੋਟ ਬੈਂਕ ਬਣਾਈ ਰੱਖਣ ਲਈ ਰੱਖਣ ਲਈ ਕਰੋੜਾਂ ਰੁੱਪਏ ਦੀਆਂ ਸਬਸੀਡੀਆਂ ਦਿੱਤੀਆਂ ਜਾ ਰਹੀਆਂ ਹਨ,ਜਿਵੇਂ ਦਲਿਤਾਂ ਨੂੰ,ਬਿਜਲੀ ਮਹਿਕਮਾ ਕਰਮਚਾਰੀਆਂ ਬਿਜਲੀ ਫ਼ਰੀ ਦਿੱਤੀ ਜਾ ਰਹੀ ਹੈ,ਜਦੋਂਕਿ ਬਿਜਲੀ ਬੋਰਡ ਕਰੋੜਾਂ ਰੁੱਪਏ ਦੇ ਘਾਟੇ 'ਚ ਚੱਲ ਰਿਹਾ ਹੈ।

ਇਸ ਤੋਂ ਇਲਾਵਾ ਜੇਕਰ ਦੇਖਿਆ ਜਾਵੇ ਤਾਂ ਇਹ ਸਬਸੀਡੀਆਂ ਸਮਾਜ ਨੂੰ ਦੋ ਭਾਗਾਂ 'ਚ ਵੰਡ ਰਹੀਆਂ ਹਨ ਅਤੇ ਇੱਕ ਦੂਜੇ ਖਿਲਾਫ਼ ਕਰਦੀਆਂ ਹਨ ਕਿਉਂਕਿ ਇੱਕ ਗਲੀ ਜਾਂ ਮੁਹੱਲੇ ਵਿੱਚ ਵੱਖੋ-ਵੱਖੋ ਜਾਤੀ ਦੇ ਮਜ਼ਦੂਰ ਭਰਾ ਰਹਿੰਦੇ ਹਨ,ਜਿਨ੍ਹਾ ਦੀ ਤਕਰੀਬਨ ਆਮਦਨ ਇੱਕੋ ਜਿਹੀ ਹੁੰਦੀ ਹੈ ਪਰ ਉਨ੍ਹਾ ਦੀ ਕਾਸਟ ਵੱਖਰੀ-ਵੱਖਰੀ ਹੋਣ ਕਰਕੇ ਇੱਕ ਵਰਗ ਨੂੰ ਬਿਜਲੀ ਮੁਫ਼ਤ ਮਿਲ ਰਹੀ ਹੈ,ਜਦੋਂਕਿ ਦੂਜੇ ਵਰਗ ਨੂੰ ਅਤਿ ਦਰਜ਼ੇ ਦੀ ਮਹਿੰਗੀ ਬਿਜਲੀ ਲੈਣੀ ਪੈਂਦੀ ਹੈ ਅਤੇ ਜ਼ਿਆਦਾ ਬਿਜਲੀ ਦਾ ਬਿਲ ਦੇਣਾ ਪੈਂਦਾ ਹੈ।ਜਦੋਂਕਿ ਦੋਨਾਂ ਦੀ ਆਮਦਨ ਇੱਕੋ ਜਿਹੀ ਹੁੰਦੀ ਹੈ।ਇਸ ਤਰ੍ਹਾਂ ਸਮਾਜ ਵਿੱਚ ਈਰਖਾ ਅਤੇ ਸਾੜਾ ਲਗਾਤਾਰ ਵੱਧ ਰਿਹਾ ਹੈ,ਜਿਹੜਾ ਕਿ ਸਮਾਜ ਵਾਸਤੇ ਹਾਨੀਕਾਰਕ ਸਿੱਧ ਹੋ ਰਿਹਾ ਹੈ।

ਸਿਆਸੀ ਗਲਿਆਰਿਆਂ 'ਚ ਇਹ ਵੀ ਚਰਚਾ ਹੈ ਕਿ ਇਹ ਸਬਸੀਡੀਆਂ ਕੋਈ ਪੁੰਨ ਜਾਂ ਲੋਕਾਂ ਨਾਲ ਹਮਦਰਦੀ ਕਰਕੇ ਨਹੀਂ ਦਿੱਤੀਆਂ ਜਾ ਰਹੀਆਂ ਸਗੋਂ ਸਮਾਜ ਚ ਭਾੜਾ ਪਾ ਕੇ ਆਪਣੇ ਵੋਟ ਬੈਂਕ ਪੱਕਾ ਬਣਾਈ ਰੱਖਣ ਲਈ ਦਿੱਤੀਆਂ ਜਾ ਰਹੀਆਂ ਹਨ।

ਅਕਾਲੀ ਦਲ ਪਾਰਟੀ 'ਚ ਇਹ ਪ੍ਰਭਾਵ ਵੀ ਮਿਲਿਆ ਹੈ ਕਿ ਬਾਦਲ ਪਰਿਵਾਰ 'ਚ ਸੁਖਬੀਰ ਨੂੰ ਜਰੂਰਤ ਤੋਂ ਜ਼ਿਆਦਾ ਤਰਜ਼ੀਹ ਦਿੱਤੀ ਜਾ ਰਹੀ ਹੈ,ਜਿਸ ਕਾਰਣ ਮਨਪ੍ਰੀਤ ਅਤੇ ਕਈ ਹੋਰਨਾਂ ਨੂੰ ਇੰਝ ਪਾਸਦਾ ਹੈ ਕਿ ਉਨ੍ਹਾ ਨੂੰ ਖੂੰਝੇ ਲਾਇਆ ਜਾ ਰਿਹਾ ਹੈ,

ਚੇਤੇ ਰਹੇ ਕਿ ਪਹਿਲਾਂ ਸ੍ਰ.ਮਨਪ੍ਰੀਤ ਸਿੰਘ ਬਾਦਲ ਕਈ ਵੱਡੇ ਸਮਾਗਮਾਂ ਵਿੱਚ ਗੈਰਹਾਜ਼ਰ ਰਹਿਣ ਦੀ ਗੱਲ ਵੀ ਹਮੇਸ਼ਾ ਚਰਚਾ ਦਾ ਵਿਸ਼ਾ ਬਣੀ ਰਹੀ ਹੈ ਅਤੇ ਜਿੱਥੋਂ ਇਹ ਨਤੀਜਾ ਕੱਢਿਆ ਜਾ ਸਕਦਾ ਹੈ ਕਿ ਦਾਲ ਵਿੱਚ ਜਰੂਰ ਕੁੱਝ ਕਾਲਾ ਹੈ।

ਖੈਰ,ਅਕਾਲੀ ਦਲ 'ਚ ਖਜ਼ਾਨਾ ਮੰਤਰੀ ਸ੍ਰ.ਮਨਪ੍ਰੀਤ ਸਿੰਘ ਬਾਦਲ ਦੇ ਸਬਸੀਡੀਆਂ ਦੇ ਮਸਲੇ ਕਰਕੇ ਇੱਕ ਵਾਰ ਅਕਾਲੀ ਦਲ ਖੇਮੇ 'ਚ ਹੱਲਚਲ ਭਾਵੇਂ ਛੋਟੇ ਪੱਧਰ 'ਤੇ ਹੈ ਪਰ ਦਿਖਾਈ ਜਰੂਰ ਦਿੰਦੀ ਹੈ ਅਤੇ ਕਈ ਸੀਨੀਅਰ ਲੀਡਰਾਂ ਨੂੰ ਇੰਝ ਵੀ ਡਰ ਬਣਿਆ ਹੋਇਆ ਹੈ ਕਿ ਕਿਤੇ ਅਕਾਲੀ ਦਲ ‘ਚ ਭਾੜਾ ਨਾ ਪੈ ਜਾਵੇ।

ਹਰਕ੍ਰਿਸ਼ਨ ਸ਼ਰਮਾਂ
098939-33321
Krishansm@yahoo.co.in
ਇੰਦੌਰ (ਮੱਧਪ੍ਰਦੇਸ਼)
ਅਸਵੀਕਰਨ