Welcome, Guest   [ Register | Sign In | Take a tour | Adult Filter: On ]

ਅਸਮਾਨ ਛੂਹਣਾ ਤਾਂ ਸੋਚੋ ਸਕਾਰਾਤਮਕ

ਸਕਾਰਾਤਮਕ ਸੋਚੋ, ਅੰਬਰ ਦੂਰ ਨਹੀਂ

ਹਰ ਆਦਮੀ ਜ਼ਿੰਦਗੀ ‘ਚ ਅਨੇਕਾਂ ਉਤਰਾਅ ਚੜ੍ਹਾਅ,ਦੁੱਖ ਤਕਲੀਫ਼ਾ ਦੇ ਬਾਵਜੂਦ ਉਹ ਸਫ਼ਲਤਾ ਦੀਆਂ ਪੋੜੀਆਂ ਚੜ੍ਹਦਾ ਹੋਇਆ ਅਸਮਾਨ ਵਰਗੀ ਆਪਣੀ ਮੰਜ਼ਿਲ ਨੂੰ ਸਰ ਕਰਨ ਲਈ ਹਰ ਸਮੇਂ ਹੱਥ ਪੈਰ ਮਾਰਦਾ ਹੈ ਅਤੇ ਕਈ ਲੋਕ ਆਪਣੀ ਬਣਾਈ ਹੋਈ ਦੂਰਦ੍ਰਿਸ਼ਟੀ ਦੀ ਯੋਜਨਾ,ਦ੍ਰਿੜ੍ਹ ਇਰਾਦੇ ਅਤੇ ਚੰਗੀ ਸੋਚ ਨਾਲ ਆਪਣੇ ਮੰਸੂਬਿਆਂ ‘ਚ ਕਾਮਯਾਬ ਹੋ ਜਾਂਦੇ ਹਨ ਪਰ ਕਈ ਮੰਜ਼ਿਲਾਂ ਨੂੰ ਸਰ ਕਰਨ ਲਈ ਕਦਮ ਤਾਂ ਵਧਾਉਂਦੇ ਹਨ ਪਰ ਆਪਣੇ ਟੀਚੇ ‘ਤੇ ਪਹੁੰਚਣ ਤੋਂ ਪਹਿਲਾਂ ਹੀ ਕੁੱਝ ਛੋਟੀਆਂ-ਛੋਟੀਆਂ ਅਸਫ਼ਲਤਾਵਾਂ ਮਿਲਣ ਤੋਂ ਨਿਰਾਸ਼ ਹੋ ਕੇ ਹੌਂਸਲਾ ਛੱਡ ਦਿੰਦੇ ਹਨ।

ਜੇਕਰ ਅਸਲ 'ਚ ਦੇਖਿਆ ਜਾਵੇ ਤਾਂ ਜੀਵਣ ਇੱਕ ਕਲਾ ਹੈ,ਜਿਹੜੇ ਲੋਕ ਕਲਾ ਨੂੰ ਜਾਣਦੇ ਹਨ,ਉਹ ਲੋਕ ਦੁਨੀਆ 'ਤੇ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੂੰਹਦੇ ਹੋਏ ਆਪਣੀਆਂ ਮੰਜ਼ਲਾਂ ਨੂੰ ਹਾਸਿਲ ਕਰਦੇ ਹਨ ਅਤੇ ਉਨ੍ਹਾ ਨੂੰ ਜ਼ਿੰਦਗੀ ਦੀ ਵਿਲੱਖਣ ਖੁਸ਼ੀ ਮਿਲਦੀ ਹੈ ਪਰ ਜੋ ਲੋਕ ਇਸ ਕਲਾ ਨੂੰ ਨਹੀਂ ਮਾਣਦੇ,ਉਹਨਾ ਨੂੰ ਇਸ ਦੁਨੀਆਂ ‘ਚ ਨਾਕਾਮੀ ਦੇ ਸਿਵਾ ਕੁੱਝ ਹਾਸਿਲ ਨਹੀਂ ਹੁੰਦਾ।

ਫ਼ਰਕ ਸਿਰਫ਼ ਹੈ,ਜ਼ਿੰਦਗੀ ਨੂੰ ਸਹੀ ਨਜ਼ਰੀਏ ਤੋਂ ਦੇਖਣ ਦਾ,ਸੋਚਣ ਦਾ,ਸਮਝਣ ਦਾ।ਹਰ ਮਨੁੱਖ ਜ਼ਿੰਦਗੀ ਨੂੰ ਦੋ ਪਹਿਲੂਆਂ ਨਾਲ ਸੋਚਦਾ ਹੈ,ਇੱਕ ਨਾਕਾਰਤਮ ਅਤੇ ਦੂਜਾ ਸਕਾਰਾਤਮਕ।ਇਹ ਮਨੁੱਖ 'ਤੇ ਨਿਰਭਰ ਕਰਦਾ ਹੈ ਕਿ ਉਹ ਕਿਹੜੇ ਪਹਿਲੂ ਨਾਲ ਸੋਚਦਾ ਹੈ।

ਮੰਜ਼ਲ ਨੂੰ ਸਰ ਕਰਨਾ ਕੋਈ ਅਸਾਨ ਨਹੀਂ ਪਰ ਬਿਨ੍ਹਾ ਸਕਾਰਾਤਮਕ ਸੋਚ ਅਤੇ ਦ੍ਰਿੜ੍ਹ ਇਰਾਦੇ ਤੋਂ ਇਹ ਅਸੰਭਵ ਹੈ।ਜੇਕਰ ਤੁਸੀਂ ਆਪਣੇ ਇਰਾਦੇ ‘ਤੇ ਕਾਇਮ ਹੋ ਅਤੇ ਆਪਣੇ ਮਕਸਦ ‘ਚ ਕਾਮਯਾਬ ਹੋਏ ਬਿਨ੍ਹਾ ਨਹੀਂ ਰਹਿ ਸਕਦੇ,ਚਾਹੇ ਤੁਹਾਨੂੰ ਉਸ ਲਈ ਕਿਨ੍ਹੀ ਮਿਹਨਤ ਨਾ ਕਰਨੀ ਪਵੇ ਤਾਂ ਮੰਜ਼ਲ ਕੋਈ ਦੂਰ ਨਹੀ।

ਇਸ ਲਈ ਬੱਸ ਸਿਰਫ਼ ਤੁਹਾਨੂੰ ਜਰੂਰਤ ਹੈ,ਪਹਿਲਾਂ ਆਪਣੀ ਮੰਜ਼ਲ ਬਾਰੇ ਸੋਚਣ,ਵਿਚਾਰਨ ਅਤੇ ਫ਼ਿਰ ਯੋਜਨਾ ਨੂੰ ਸਹੀ ਢੰਗ ਨਾਲ ਉਲੀਕਣ ਦੀ ਅਤੇ ਇਸ ਤੋਂ ਬਾਅਦ ਉਸ ਨੂੰ ਫਾਈਨਲ ਕਰਨ।ਹਾਂ,ਮਕਸਦ ‘ਚ ਕਾਮਯਾਬ ਹੋਣਾ ਹੈ ਤਾਂ ਪਹਿਲਾਂ ਹੀ ਸੋਚ ਲਉ,ਜਿਨ੍ਹੀਆ ਮੁਸ਼ਕਿਲਾਂ ਆਉਣ ਪਰ ਆਪਣੀ ਯੋਜਨਾ ਨੂੰ ਪੂਰ੍ਹਾ ਕਰਨਾ ਹੈ ਅਤੇ ਸਿਰੇ ਚੜ੍ਹਾਉਣਾ ਹੈ।

ਲੋਕਾਂ ਦੀ ਪ੍ਰਵਾਹ ਨਾ ਕਰਦੇ ਹੋਏ ਕਿ ਲੋਕ ਕੀ ਕਹਿਣਗੇ,ਕੀ ਅਸੀਂ ਕਾਮਯਾਬ ਹੋਵਾਂਗੇ ਕਿ ਨਹੀਂ,ਅਜਿਹੇ ਪ੍ਰਸ਼ਨਾਂ 'ਤੇ ਧਿਆਨ ਦੇਣ ਦੀ ਬਜਾਏ ਦ੍ਰਿੜ੍ਹ ਇਰਾਦੇ ਨਾਲ ਆਪਣੇ ਕੰਮ ਵਿੱਚ ਖੁੱਭ ਜਾਉ ਅਤੇ ਇੱਕ ਮਸਤ ਹਾਥੀ ਦੀ ਚਾਲ ਚੱਲਦੇ ਹੋਏ ਆਪਣੀ ਮੰਜ਼ਲਾਂ ਵੱਲ ਵੱਧਦੇ ਜਾਉ।

ਇਹ ਸਕਾਰਾਤਮਕ ਸੋਚ ਤੁਹਾਨੂੰ ਤੁਹਾਡੀ ਸੋਚੀ ਹੋਈ ਮੰਜ਼ਲ ਤੱਕ ਜਰੂਰ ਪਹੁੰਚਾਵੇਗੀ ਪਰ ਜੇਕਰ ਤੁਸੀਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਹੀ,ਯੋਜਨਾ ਬਨਾਉਣ ਤੋਂ ਪਹਿਲਾਂ ਹੀ ਸੋਚ ਰਹੇ ਹੋ ਕਿ ਅਸੀਂ ਇਸ ਵਿੱਚ ਕਾਮਯਾਬ ਨਹੀਂ ਹੋਵਾਂਗੇ ਤਾਂ ਇਹ ਤੁਸੀਂ ਨਕਾਰਤਮਕ ਸੋਚ ਰਹੇ ਹੋ ਅਤੇ ਤੁਸੀਂ ਆਪਣੀ ਮੰਜ਼ਲਾਂ ਤੱਕ ਕਦੀ ਨਾ ਅਪੜਨ ਦਾ ਰਸਤਾ ਤਿਆਰ ਕਰ ਰਹੇ ਹੋ।ਇੱਥੇ ਆਪਣੇ ਧਿਆਨ 'ਚ ਪਹਿਲਾਂ ਹੀ ਰੱਖੋ ਕਿ ਸਹੀ ਸੋਚ ਕਾਮਯਾਬੀ ਦਾ ਸੁਪਨਾ ਹੈ ਅਤੇ ਗੱਲਤ ਸੋਚ ਨਾਕਾਮੀ ਦੀ ਗਾਰੰਟੀ।

ਉਦਾਹਰਣ ਵੱਜੋਂ ਜੇਕਰ ਦੇਖਿਆ ਜਾਵੇ ਕਿ ਫ਼ਿਲਮੀ ਸਿਤਾਰੇ ਜੋ ਹਮੇਸ਼ਾ ਕਿਸੇ ਨਾ ਕਿਸੇ ਨਾਲ ਅਫ਼ੇਅਰ,ਕਿਸੇ ਨਾ ਕਿਸੇ ਫ਼ਿਲਮ ਦੇ ਫ਼ਲਾਪ ਹੋਣ ਜਾਂ ਕਿਸੇ ਹੋਰ ਵਿਵਾਦ 'ਚ ਹਮੇਸ਼ਾ ਘਿਰੇ ਰਹਿੰਦੇ ਹਨ ਪਰ ਜਦੋਂ ਵੀ ਮੀਡੀਆ ਸਾਹਮਣੇ ਆਉਂਦੇ ਹਨ ਤਾਂ ਪੂਰ੍ਹੇ ਆਤਮ ਵਿਸ਼ਵਾਸ ਅਤੇ ਦ੍ਰਿੜ੍ਹ ਇਰਾਦੇ ਨਾਲ ਲਬਾਲਬ ਹੁੰਦੇ ਹਨ ਅਤੇ ਕੋਈ ਉਨ੍ਹਾ ਨੂੰ ਦੇਖ ਕੇ ਸੋਚ ਵੀ ਨਹੀਂ ਸਕਦਾ ਕਿ ਉਹਨ੍ਹਾ 'ਤੇ ਕੋਈ ਮੁਸ਼ਕਿਲ ਆਈ ਵੀ ਹੈ ਜਾਂ ਨਹੀਂ।

ਇਸ ਤੋਂ ਇਲਾਵਾ ਜੇਕਰ ਅਸੀਂ ਹੁਣ ਤੱਕ ਦੁਨੀਆ ਦੀਆਂ ਪ੍ਰਸਿੱਧ ਹਸਤੀਆਂ ਨੂੰ ਦੇਖੀਏ,ਜਿਵੇਂ ਕਿ ਅਬ੍ਰਾਹਮ ਲਿੰਕਨ,ਐਡੋਲਫ਼ ਹਿਟਲਰ,ਚਾਰਲੀ ਚੈਪਲਿਨ,ਜੇਮਜ਼ ਵ੍ਹਾਟ ਅਤੇ ਅਬਦੁਲ ਕਲਾਮ,ਧੀਰੂ ਭਾਈ ਅੰਬਾਨੀ ਆਦਿ ਨੇ ਗਰੀਬੀ ਤੋਂ ਉੱਠ ਕੇ ਵੱਡੇ-ਵੱਡੇ ਅਹੁਦਿਆਂ ਨੂੰ ਹਾਸਿਲ ਕੀਤਾ।ਇਹ ਆਮ ਆਦਮੀ ਸਾਹਮਣੇ ਮਿਸਾਲਾਂ ਹਨ ਕਿ ਆਦਮੀ ਜੇ ਚਾਹਵੇ ਤਾਂ ਕੀ ਨਹੀਂ ਕਰ ਸਕਦਾ।

ਬੱਸ ਜੇਕਰ ਜ਼ਿੰਦਗੀ ‘ਚ ਕੁੱਝ ਕਰਨਾ ਹੈ ਤਾਂ ਅਸਫ਼ਲਤਾਵਾਂ ਨੂੰ ਨਾ ਵੇਖ,ਫ਼ਿਰ ਕੀ ਹੋਇਆ,ਅਸੀਂ ਇੱਕ ਵਾਰੀ ਅਸਫ਼ਲ ਹੋਏ,ਜੇਕਰ ਦੂਸਰੀ ਵਾਰ ਹੁਲਾਰਾ ਮਾਰਾਂਗੇ ਤਾਂ ਜਰੂਰ ਸਫ਼ਲ ਹੋਵਾਂਗੇ,ਹੌਂਸਲਾ ਨਾ ਡਗਮਗਾਉਣ ਦਿਉ ਅਤੇ ਆਪਣੀ ਸੋਚ ਨੂੰ ਹਮੇਸ਼ਾ ਉੱਚਾ ਰੱਖੋ ਅਤੇ ਕੰਮ ਨੂੰ ਦ੍ਰਿੜਤਾ ਨਾਲ ਕਰੋ।ਜੇਕਰ ਕਿਸੇ ਕੰਮ ਵਿੱਚ ਨਾਕਾਮਯਾਬ ਹੋਏ ਤਾਂ ਸਮਝੋ ਤੁਹਾਡੇ ‘ਚ ਹਾਲੇ ਕੋਈ ਕਮਜ਼ੋਰੀ ਹੈ,ਜਿਸ ਕਾਰਣ ਤੁਸੀਂ ਆਪਣੀ ਮੰਜ਼ਲ ਨੂੰ ਜਾਂਦੀ ਪੋੜੀ ਨੂੰ ਸਰ ਨਹੀਂ ਕਰ ਸਕੇ ਤਾਂ ਇਹ ਸੋਚ ਦੁਆਰਾ ਫ਼ਿਰ ਕੋਸ਼ਿਸ ਕਰੋ ਕਿ ਮੰਜ਼ਲ ਹਾਲੇ ਵੀ ਦੂਰ ਨਹੀਂ ਬੱਸ ਜਰੂਰਤ ਹੈ ਤਾਂ ਸਹੀ ਤਰੀਕਾ ਅਪਨਾਉਣ ਦੀ,ਸਹੀ ਰਸਤੇ 'ਤੇ ਜਾਣ ਦੀ।
ਅਸਵੀਕਰਨ