Welcome, Guest   [ Register | Sign In | Take a tour | Adult Filter: On ]

ਟਾਈਟਲਰ ਮਾਮਲੇ ਨੂੰ ਮਿਲਿਆ ਸਿਆਸੀ ਰੰਗ

ਕਾਂਗਰਸ ਨੂੰ ਭੁਗਤਣਾ ਪੈ ਸਕਦਾ ਹੈ ਖਮਿਆਜ਼ਾ

ਪੰਜਾਬ ‘ਚ ਕਦੇ ਨਾ ਭੁੱਲਣ ਵਾਲੇ 1984 ਦੇ ਦੰਗਿਆਂ ਸਮੇਂ ਹੋਏ ਕਤਲੇਆਮ ਦੇ ਕਥਿੱਤ ਆਰੋਪੀ ਜਗਦੀਸ਼ ਟਾਈਟਲਰ ਨੂੰ ਸੀਬੀਆਈ ਵੱਲੋਂ ਕਲੀਨ ਚਿੱਟ ਮਿਲਣ ਬਾਅਦ ਕਾਂਗਰਸ ਵੱਲੋਂ ਉਸਨੂੰ ਜਿੱਥੇ ਦਿੱਲੀ ਤੋਂ ਲੋਕਸਭਾ ਦੀ ਟਿਕਟ ‘ਤੇ ਉਮੀਦਵਾਰ ਬਣਾਇਆ ਗਿਆ,ਉੱਥੇ ਹੀ ਦੂਜੇ ਪਾਸੇ ਸਿੱਖ ਭਾਈਚਾਰਿਆਂ ‘ਚ ਵੀ ਇਸ ਵਿਰੁੱਧ ਰੋਸ ਪਾਇਆ ਜਾ ਰਿਹਾ ਸੀ ਪਰੰਤੂ ਦਿੱਲੀ ‘ਚ ਪੀ.ਚਿਦੰਬਰਮ ਵੱਲੋਂ ਕੀਤੀ ਜਾ ਰਹੀ ਇੱਕ ਪ੍ਰੈਸ ਕਾਂਫ੍ਰੈਂਸ ਵਿੱਚ ਇੱਕ ‘ਦੈਨਿਕ ਜਾਗਰਣ’ ਦੇ ਪੱਤਰਕਾਰ ਜਰਨੈਲ ਸਿੰਘ ਵੱਲੋਂ ਅਚਾਨਕ 1984 ਦੰਗਿਆਂ ਦੇ ਸਬੰਧ ‘ਚ ਸੁਆਲ ਪੁੱਛਣ ਬਾਅਦ ਭਾਵੁਕ ਹੋਣ ਕਾਰਣ ਗ੍ਰਹਿ ਮੰਤਰੀ ਪੀ.ਚਿਦੰਬਰਮ ‘ਤੇ ਜੁੱਤੀ ਵਗਾਹ ਮਾਰਨ ਨਾਲ ਇਹ ਮਾਮਲਾ ਅਚਾਨਕ ਚੈਨਲਾਂ,ਅਖਬਾਰਾਂ ਅਤੇ ਵੈਬਸਾਈਟਾਂ ਦੀਆਂ ਸੁਰਖੀਆਂ ‘ਚ ਛਾ ਗਿਆ ਅਤੇ ਇੱਕ ਵਾਰ ਫ਼ਿਰ 1984 ‘ਚ ਦੰਗਿਆਂ ਦੀਆਂ ਯਾਦਾਂ ਤਾਜ਼ਾ ਹੋ ਗਈਆਂ।ਅਚਾਨਕ ਜਗਦੀਸ਼ ਟਾਈਟਲਰ ਦਾ ਮਾਮਲਾ ਫ਼ਿਰ ਭੱਖ ਗਿਆ ਅਤੇ ਜਗਦੀਸ਼ ਟਾਈਟਲਰ ਨੂੰ ਹੱਥਾਂ ਪੈਰਾਂ ਦੀ ਪੈ ਗਈ।ਉਧਰ ਅਕਾਲੀ-ਭਾਜਪਾ ਨੂੰ ਵੀ ਇਹ ਮੁੱਦਾ ਭਖਦਾ ਹੋਇਆ ਦਿਖਿਆ ਤਾਂ ਉਨ੍ਹਾ ਨੇ ਇਸ ਨੂੰ ਸਿਆਸੀ ਰੰਗ ਦੇਣਾ ਸ਼ੁਰੂ ਕਰ ਦਿੱਤਾ।

ਮਾਮਲੇ ਦੇ ਉੱਛਲਣ ਨਾਲ ਹੁਣ ਜਿੱਥੇ ਕਾਂਗਰਸ ਕਸੂਤੀ ਸਥਿੱਤੀ ‘ਚ ਫੱਸਦੀ ਨਜ਼ਰ ਆ ਰਹੀ ਹੈ,ਉੱਥੇ ਗ੍ਰਹਿਮੰਤਰੀ ਪੀ.ਚਿਦੰਬਰਮ ‘ਤੇ ਜੁੱਤੀ ਵਗਾਹ ਮਾਰਨ ਵਾਲਾ ਪੱਤਰਕਾਰ ਪਲਾਂ ‘ਚ ਸਿੱਖਾਂ ਦੀਆਂ ਨਜ਼ਰਾਂ ‘ਚ ਹੀਰੋ ਬਣ ਗਿਆ ਅਤੇ ਚੈਨਲਾਂ,ਅਖਬਾਰਾਂ ਦੀਆਂ ਸੁਰਖੀਆਂ ਬਟੋਰ ਗਿਆ,ਜਿਸ ਨੂੰ ਕੱਲ੍ਹ ਤੱਕ ਗਿਣੇ ਚੁਣੇ ਲੋਕ ਜਾਣਦੇ ਸਨ,ਉਸ ਨੂੰ ਅੱਜ ਭਾਰਤ ਦਾ ਬੱਚਾ-ਬੱਚਾ ਜਾਨਣ ਲੱਗ ਪਿਆ ਹੈ ਉਧਰ ਪੰਜਾਬ ਅਤੇ ਦਿੱਲੀ ‘ਚ ਸਿੱਖ ਸੰਗਠਨਾਂ ਨੇ ਵੀ ਜਗਦੀਸ਼ ਟਾਈਟਲਰ ਵਿਰੁੱਧ ਸੰਘਰਸ਼ ਤੇਜ਼ ਕਰ ਦਿੱਤਾ ਹੈ ਅਤੇ ਉਹ ਰੇਲ ਪੱਟੜੀਆਂ ਅਤੇ ਸੜਕਾਂ ‘ਤੇ ਉੱਤਰ ਆਏ ਹਨ।ਸਿੱਖ ਵੋਟਰ ਇਸ ਮਾਮਲੇ ਨੂੰ ਲੈ ਕੇ ਕਾਂਗਰਸ ਤੋਂ ਖਫ਼ਾ ਹੋਏ ਦਿਖਾਈ ਦੇ ਰਹੇ ਹਨ।

ਪੱਤਰਕਾਰ ਭਾਈਚਾਰਾ ਜਰਨੈਲ ਸਿੰਘ ਦੁਆਰਾ ਕੀਤੀ ਇਸ ਹਰਕਤ ਤੋਂ ਕਾਫ਼ੀ ਖਫ਼ਾ ਹੈ ਕਿਉਂਕਿ ਭਾਰਤ ਦੇ ਚੌਥੇ ਸਤੰਭ ਕਹੇ ਜਾਣ ਵਾਲੇ ਪੱਤਰਕਾਰਿਤਾ ਦੇ ਪੇਸ਼ੇ ‘ਚ ਇਹ ਪੱਤਰਕਾਰੀ ‘ਤੇ ਕਲੰਕ ਹੈ।ਪੱਤਕਾਰ ਕੋਲ ਜੇਕਰ ਕੋਈ ਹਥਿਆਰ ਹੈ ਤਾਂ ਉਹ ਕਲਮ ਹੈ ਪਰੰਤੂ ਜਰਨੈਲ ਸਿੰਘ ਨੇ ਹਥਿਆਰ ਵੱਜੋ ਜੁੱਤੇ ਨੂੰ ਵਰਤਿਆ,ਜੋ ਕਿ ਪੱਤਰਕਾਰੀ ਲਈ ਬਹੁਤ ਸ਼ਰਮਨਾਕ ਗੱਲ ਹੈ ਕਿਉਂਕਿ ਪੱਤਰਕਾਰ ਨੇ ਆਪਣੀ ਕਲਮ ਰਾਹੀਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਉਜਾਗਰ ਕਰਨਾ ਹੁੰਦਾ ਹੈ ਅਤੇ ਲੋਕਾਂ ਦੀ ਅਵਾਜ਼ ਸਰਕਾਰਾਂ ਅਤੇ ਅਦਾਲਤਾਂ ਤੱਕ ਪਹੁੰਚਾਉਣੀ ਹੁੰਦੀ ਹੈ,ਜੇਕਰ ਬੁੱਧੀਜੀਵੀ ਪੱਤਰਕਾਰ ਹੀ ਧਰਮਾਂ,ਸਰਕਾਰਾਂ ਦੇ ਇੱਕ ਪੱਖੀ ਹੋ ਕੇ ਹੱਥਾਂ ‘ਚ ਜੁੱਤੇ ਲੈ ਨਿਆਂ ਮੰਗਣ ਲੱਗੇ ਤਾਂ ਆਮ ਲੋਕ ਪੱਤਰਕਾਰੀ ਪੇਸ਼ੇ ਬਾਰੇ ਕੀ ਸੋਚਣਗੇ?ਕੀ ਉਨ੍ਹਾ ਦੇ ਮਨਾਂ ‘ਚ ਪੱਤਰਕਾਰ ਦੀ ਸਾਫ਼ ਸੁਥਰੀ ਛਵੀ ਬਣੀ ਰਹੇਗੀ,ਨਹੀਂ,ਉਹ ਪੱਤਰਕਾਰਾਂ ਨੂੰ ਹਿੰਸਾਤਮਕ ਵਿਅਕਤੀ ਵੱਜੋਂ ਦੇਖਣ ਲੱਗਣਗੇ।ਇਸ ਮਾਮਲੇ ‘ਤੇ ਜਰੂਰਤ ਹੈ ਸੋਚਣ ਦੀ,ਸਮਝਣ ਦੀ।

ਕਾਂਗਰਸ ਹੁਣ ਕਿਸੇ ਨਾ ਕਿਸੇ ਹੀਲੇ ਵਸੀਲੇ ਹੁਣ ਇਸ ਮਾਮਲੇ ਨੂੰ ਠੰਢਾ ਕਰਨ ਦੀਆਂ ਕੋਸ਼ਿਸਾਂ ‘ਚ ਲੱਗੀ ਹੋਈ ਹੈ ਪਰੰਤੂ ਓਧਰ ਅਕਾਲੀ-ਭਾਜਪਾ ਇਸ ਮੁੱਦੇ ਨੂੰ ਤੂਲ ਦੇਣ ‘ਚ ਲੱਗੀ ਹੋਈ ਹੈ।ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਇਸ ਮਾਮਲੇ ਦੇ ਉੱਛਲਣ ਨਾਲ ਕਾਂਗਰਸ ਨੂੰ ਲੋਕਸਭਾ ਚੋਣਾਂ ‘ਚ ਕਾਫ਼ੀ ਨੁਕਸਾਨ ਸਹਿਣਾ ਪੈ ਸਕਦਾ ਹੈ।
ਅਸਵੀਕਰਨ